ਜੇਐੱਨਐੱਨ, ਹਰਿਦੁਆਰ : ਕੁੰਭ ਮੇਲੇ ਦੌਰਾਨ ਸ਼ਰਧਾਲੂਆਂ ਦੀ ਕੋਰੋਨਾ ਜਾਂਚ 'ਚ ਧਾਂਦਲੀ ਦੀ ਅਸਲੀਅਤ ਦਾ ਪਤਾ ਲਾਉਣ ਲਈ ਜ਼ਿਲ੍ਹਾ ਅਧਿਕਾਰੀ ਸੀ ਰਵੀਸ਼ੰਕਰ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਹੈ। ਮੁੱਖ ਵਿਕਾਸ ਅਧਿਕਾਰੀ ਸੌਰਭ ਗਹਰਵਾਰ ਦੀ ਪ੍ਰਧਾਨਗੀ 'ਚ ਬਣਾਈ ਕਮੇਟੀ 'ਚ ਮੁੱਖ ਖਜ਼ਾਨਚੀ ਤੇ ਜ਼ਿਲ੍ਹਾ ਵਿਕਾਸ ਅਧਿਕਾਰੀ ਸ਼ਾਮਲ ਹਨ। ਕਮੇਟੀ 15 ਦਿਨਾਂ 'ਚ ਆਪਣੀ ਰਿਪੋਰਟ ਸੌਂਪੇਗੀ। ਮਾਮਲੇ ਦੀ ਸ਼ੁਰੂਆਤੀ ਪੜਤਾਲ 'ਚ ਇਕ ਲੱਖ ਕੋਰੋਨਾ ਨਮੂੁਨਿਆਂ ਦੀ ਜਾਂਚ 'ਚ ਫ਼ਰਜ਼ੀਵਾੜੇ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਇਕ ਦਿਨ ਪਹਿਲਾਂ ਸ਼ਾਸਨ ਨੇ ਜ਼ਿਲ੍ਹਾ ਅਧਿਕਾਰੀ ਨੂੰ ਮਾਮਲੇ ਦੀ ਵਿਸਥਾਰਤ ਜਾਂਚ ਦੇ ਆਦੇਸ਼ ਦਿੱਤੇ ਸਨ। ਇਸ ਵਿਚਾਲੇ, ਜ਼ਿਲ੍ਹਾ ਅਧਿਕਾਰੀ ਨੇ ਕੋਰੋਨਾ ਜਾਂਚ ਕਰਨ ਵਾਲੀਆਂ ਸਾਰੀਆਂ ਲੈਬਾਂ ਦੇ ਭੁਗਤਾਨ 'ਤੇ ਫਿਲਹਾਲ ਰੋਕ ਲਾ ਦਿੱਤੀ ਹੈ। ਛੇ ਸਰਕਾਰੀ ਲੈਬਾਂ ਨੂੰ ਵੀ ਜਾਂਚ ਦੇ ਦਾਇਰੇ 'ਚ ਲਿਆਂਦਾ ਗਿਆ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਇਸ 'ਤੇ ਫ਼ੈਸਲਾ ਕੀਤਾ ਜਾਵੇਗਾ।

ਪੰਜਾਬ ਦੇ ਫ਼ਰੀਦਕੋਟ ਨਿਵਾਸੀ ਇਕ ਵਿਅਕਤੀ ਨੇ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੂੰ ਕੋਰੋਨਾ ਜਾਂਚ 'ਚ ਫ਼ਰਜ਼ੀਵਾੜੇ ਦੀ ਸ਼ਿਕਾਇਤ ਕੀਤੀ ਸੀ। ਇਸ ਵਿਅਕਤੀ ਦੇ ਮੋਬਾਈਲ 'ਤੇ ਕੋਰੋਨਾ ਜਾਂਚ ਦਾ ਸੁਨੇਹਾ ਪੁੱਜਾ ਸੀ, ਜਦਕਿ ਉਸ ਦੀ ਕਦੇ ਕੋਰੋਨਾ ਜਾਂਚ ਹੋਈ ਹੀ ਨਹੀਂ। ਸੂਬੇ ਦੇ ਸਿਹਤ ਸਕੱਤਰ ਅਮਿਤ ਨੇਗੀ ਨੇ ਮਾਮਲੇ ਦੀ ਮੁੱਢਲੀ ਜਾਂਚ ਕਰਵਾਈ। ਕੋਰੋਨਾ ਮਾਮਲਿਆਂ ਦੇ ਚੀਫ ਕੰਟ੍ਰੋਲਿੰਗ ਅਫਸਰ ਡਾ. ਅਭਿਸ਼ੇਕ ਤਿ੍ਪਾਠੀ ਦੇ ਪੱਧਰ 'ਤੇ ਕੀਤੀ ਗਈ ਇਸ ਜਾਂਚ 'ਚ ਪਹਿਲੀ ਨਜ਼ਰੇ ਸ਼ਿਕਾਇਤ ਸਹੀ ਪਾਈ ਗਈ। ਉਨ੍ਹਾਂ ਨੇ ਵੱਡੇ ਪੈਮਾਨੇ 'ਤੇ ਕੋਰੋਨਾ ਨਮੂਨਿਆਂ ਦੀ ਜਾਂਚ 'ਚ ਗੜਬੜੀ ਦਾ ਖ਼ਦਸ਼ਾ ਜ਼ਾਹਿਰ ਕੀਤਾ। ਡਾ. ਤਿ੍ਪਾਠੀ ਨੇ ਸ਼ਾਸਨ ਨੂੰ ਸੌਂਪੀ ਆਪਣੀ ਰਿਪੋਰਟ 'ਚ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਇਸ ਦੀ ਵਿਸਥਾਰਤ ਜਾਂਚ ਦੀ ਸਿਫਾਰਸ਼ ਕੀਤੀ ਸੀ। ਇਸ ਦੇ ਮੱਦੇਨਜ਼ਰ ਸਿਹਤ ਸਕੱਤਰ ਨੇ ਹਰਿਦੁਆਰ ਦੇ ਜ਼ਿਲ੍ਹਾ ਅਧਿਕਾਰੀ ਨੂੰ ਕੁੰਭ ਮੇਲਾ ਦੀ ਮਿਆਦ, ਇਸ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਹੋਈ ਕੋਰੋਨਾ ਜਾਂਚ ਦੀ ਵਿਸਥਾਰਤ ਛਾਣਬੀਣ ਦੇ ਨਿਰਦੇਸ਼ ਦਿੱਤੇ ਸਨ।