ਜੇਐੱਨਐੱਨ, ਨਵੀਂ ਦਿੱਲੀ : ਨੋਟਬੰਦੀ ਨੂੰ ਅੱਜ (8 ਨਵੰਬਰ) ਤਿੰਨ ਸਾਲ ਹੋ ਗਏ। ਕਾਲੇ ਧਨ 'ਤੇ ਲਗਾਮ ਲਾਉਣ ਲਈ ਅੱਜ ਤੋਂ ਠੀਕ ਤਿੰਨ ਸਾਲ ਪਹਿਲਾਂ ਸਰਕਾਰ ਨੇ ਰਾਤੋਂ-ਰਾਤ 500 ਰੁਪਏ ਤੇ 1000 ਰੁਪਏ ਦੇ ਨੋਟਾਂ ਨੂੰ ਚਲਣ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਸੀ। ਤਿੰਨ ਸਾਲ ਪੂਰੇ ਹੋਣ 'ਤੇ ਖਬਰਾਂ ਆ ਰਹੀਆਂ ਹਨ ਕਿ ਹੁਣ 2000 ਰੁਪਏ ਦੇ ਨੋਟਾਂ ਨੂੰ ਬੰਦ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਟਰਜ਼ ਜ਼ਰੀਏ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਪਿੱਛੇ ਵਜ੍ਹਾ ਦੱਸੀ ਜਾ ਰਹੀ ਹੈ ਕਿ ਇਸ ਨੋਟ ਦੀ ਮੰਗ ਜ਼ਿਆਦਾ ਨਹੀਂ ਹੈ ਤੇ ਇਸ ਨੂੰ ਚਲਾਉਣ 'ਚ ਲੋਕਾਂ ਨੂੰ ਖ਼ਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦਰਅਸਲ ਸਾਬਕਾ ਵਿੱਤ ਸਕੱਤਰ ਦਾ ਕਹਿਣਾ ਹੈ ਕਿ 2000 ਰੁਪਏ ਦੇ ਨੋਟ ਨੂੰ ਬੈਨ ਕੀਤਾ ਜਾ ਸਕਦਾ ਹੈ। 31 ਅਕਤੂਬਰ ਨੂੰ ਵੀਆਰਐੱਸ ਲੈ ਚੁਕੇ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ 2000 ਦੇ ਨੋਟਾਂ ਨੂੰ ਬੰਦ ਕਰਨ ਦਾ ਸੁਝਾਅ ਸਰਕਾਰ ਨੂੰ ਦਿੱਤਾ ਹੈ। ਗਰਗ ਦਾ ਕਹਿਣਾ ਹੈ ਕਿ 2000 ਦੇ ਨੋਟਾਂ ਦਾ ਵੱਡਾ ਹਿੱਸਾ ਚਲਨ 'ਚ ਨਹੀਂ ਹੈ। ਇਸ ਦੀ ਜਮ੍ਹਾਖੋਰੀ ਹੋ ਰਹੀ ਹੈ। ਗਰਗ ਨੇ ਕਿਹਾ ਕਿ ਸਿਸਟਮ 'ਚ ਕਾਫ਼ੀ ਜ਼ਿਆਦਾ ਨਕਦੀ ਮੌਜੂਦ ਹੈ, ਇਸ ਲਈ 2000 ਦੇ ਨੋਟ ਬੰਦ ਕਰਨ ਨਾਲ ਕੋਈ ਪਰੇਸ਼ਾਨੀ ਨਹੀਂ ਹੋਵੇਗੀ।

ਦੱਸਿਆ ਜਾ ਰਿਹਾ ਹੈ ਕਿ ਸਰਕਾਰ 2000 ਰੁਪਏ ਦੇ ਨੋਟਾਂ ਦੀ ਛਪਾਈ 'ਚ ਹੌਲੀ-ਹੌਲੀ ਕਟੌਤੀ ਕਰ ਰਹੀ ਹੈ ਤੇ ਇਸ ਸਾਲ ਤਕ ਇਕ ਵੀ 2000 ਦੇ ਨੋਟਾਂ ਦੀ ਛਪਾਈ ਨਹੀਂ ਕੀਤੀ ਗਈ। ਇਕ ਆਰਟੀਆਈ ਦੇ ਜਵਾਬ 'ਚ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ 2000 ਰੁਪਏ ਦੇ ਨੋਟਾਂ ਦਾ ਜ਼ਿਆਦਾਤਰ ਇਸਤੇਮਾਲ ਨਾਜਾਇਜ਼ ਕੰਮਾਂ 'ਚ ਕੀਤਾ ਜਾ ਰਿਹਾ ਹੈ। ਖ਼ਾਸ ਤੌਰ 'ਤੇ ਇਸ ਦਾ ਜ਼ਿਆਦਾਤਰ ਇਸਤੇਮਾਲ ਸਮਗਲਿੰਗ ਲਈ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਂਧਰ-ਤਮਿਲਨਾਡੂ ਸੀਮਾ 'ਤੇ 2000 ਰੁਪਏ ਦੇ ਨੋਟਾਂ ਦੇ 6 ਕਰੋੜ ਰੁਪਏ ਦੀ ਬੇਹਿਸਾਬ ਨਕਦੀ ਬਰਾਮਦ ਕੀਤੀ ਸੀ।

Posted By: Susheel Khanna