ਸਟੇਟ ਬਿਊਰੋ, ਕੋਲਕਾਤਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੌਣ-ਪਾਣੀ 'ਚ ਬਦਲਾਅ ਤੇ ਕੁਦਰਤੀ ਆਫਤਾਂ ਨੂੰ ਦੁਨੀਆ ਲਈ ਵੱਡੀ ਚੁਣੌਤੀ ਦੱਸਦੇ ਹੋਏ ਇਸ ਦਾ ਸਾਹਮਣਾ ਕਰਨ 'ਚ ਸਮਰੱਥ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਜ਼ੋਰ ਦਿੱਤਾ ਹੈ। ਮੰਗਲਵਾਰ ਨੂੰ ਆਈਆਈਟੀ ਖੜਗਪੁਰ ਦੇ 66ਵੇਂ ਡਿਗਰੀ ਵੰਡ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਬੁਨਿਆਦੀ ਢਾਂਚੇ ਨੂੰ ਢਹਿ-ਢੇਰੀ ਕਰ ਦਿੰਦੀਆਂ ਹਨ। ਹਾਲ ਹੀ 'ਚ ਉੱਤਰਾਖੰਡ 'ਚ ਕੀ ਹੋਇਆ, ਇਹ ਸਾਰਿਆਂ ਨੇ ਦੇਖਿਆ ਪਰ ਭਾਰਤ ਨੇ ਆਫਤ ਪ੍ਰਬੰਧਨ ਬਾਰੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹੁਣ ਆਈਆਈਟੀ ਦੇ ਵਿਦਿਆਰਥੀਆਂ ਨੂੰ ਅਜਿਹੇ ਲਚੀਲੇ ਬੁਨਿਆਦੇ ਢਾਂਚੇ ਵਿਕਸਿਤ ਕਰਨੇ ਚਾਹੀਦੇ ਹਨ ਜੋ ਕੁਦਰਤੀ ਆਫਤਾਂ ਦੇ ਮਾੜੇ ਅਸਰ ਨੂੰ ਸਹਿ ਸਕਣ।

ਪੀਐੱਮ ਮੋਦੀ ਨੇ ਕੋਏਲਿਸ਼ਨ ਫਾਰ ਡਿਜਾਸਟਰ ਰੇਜਿਲੀਐਂਟ ਇਨਫ੍ਰਾਸਟਰਕਚਰ (ਸੀਡੀਆਰਆਈ) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਨੇ ਸੁਰੱਖਿਅਤ, ਸਸਤੀ ਤੇ ਵਾਤਾਵਰਨ ਦੇ ਅਨੁਕੂਲ ਊਰਜਾ ਲਈ ਕੌਮਾਂਤਰੀ ਸੌਰ ਗੱਠਜੋੜ ਦੇ ਆਪਣੇ ਢਾਂਚੇ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ। ਕਾਬਿਲੇਗੌਰ ਹੈ ਕਿ ਉਨ੍ਹਾਂ 2019 'ਚ ਯੂਐੱਨ ਕਲਾਈਮੇਟ ਐਕਸ਼ਨ ਸਮਿਟ 'ਚ ਇਸ ਦਾ ਐਲਾਨ ਕੀਤਾ ਸੀ। ਸੀਡੀਆਰਆਈ 'ਚ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ, ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ, ਬਹੁ-ਪੱਖੀ ਵਿਕਾਸ ਬੈਂਕਾਂ, ਵਿੱਤੀ ਸੰਸਥਾਵਾਂ, ਨਿੱਜੀ ਖੇਤਰਾਂ ਤੇ ਇਸ ਦੀ ਜਾਣਕਾਰੀ ਵਾਲੀਆਂ ਸੰਸਥਾਵਾਂ ਨੂੰ ਪੌਣ-ਪਾਣੀ ਪਰਿਵਰਤਨ ਤੇ ਕੁਦਰਤੀ ਆਫਤਾਂ ਸਬੰਧੀ ਜੋਖ਼ਮ ਸਹਿਣ 'ਚ ਸਮਰੱਥ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵੀਆਂ-ਨਵੀਆਂ ਖੋਜਾਂੰ ਨਾਲ ਆਤਮ-ਨਿਰਭਰ ਭਾਰਤ ਮੁਹਿੰਮ ਹੋਰ ਤੇਜ਼ ਹੋਵੇਗੀ। ਆਈਆਈਟੀ ਦੇ ਵਿਦਿਆਰਥੀ 130 ਕਰੋੜ ਭਾਰਤੀਆਂ ਦੀਆਂ ਉਮੀਦਾਂ ਦੇ ਪ੍ਰਤੀਕ ਹਨ। ਇਸ ਦੌਰਾਨ ਉਨ੍ਹਾਂ ਆਈਆਈਟੀ ਖੜਗਪੁਰ 'ਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਸੈਂਟਰ ਦਾ ਉਦਘਾਟਨ ਵੀ ਕੀਤਾ।

ਸੈਲਫ-3 ਦਾ 'ਮੋਦੀ ਮੰਤਰ'

ਪ੍ਰਧਾਨ ਮੰਤਰੀ ਨੇ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਲਿਆਉਣ ਲਈ ਵਿਦਿਆਰਥੀਆਂ ਨੂੰ ਸੈਲਫ-3 ਦਾ 'ਮੋਦੀ ਮੰਤਰ' ਦਿੰਦੇ ਹੋਏ ਕਿਹਾ ਕਿ ਤੁਹਾਨੂੰ ਖ਼ੁਦ-ਜਾਗਰੂਕਤਾ, ਆਤਮ-ਨਿਰਭਰਤਾ ਤੇ ਨਿਰ-ਸਵਾਰਥ ਵਾਲੀ ਭਾਵਨਾ 'ਤੇ ਕੰਮ ਕਰਨਾ ਪਵੇਗਾ। ਤੁਹਾਨੂੰ ਆਪਣੀ ਸਮਰੱਥਾ ਪਛਾਣਨੀ ਪਵੇਗੀ ਤੇ ਪੂਰੇ ਸਵੈ-ਭਰੋਸੇ ਤੇ ਨਿਰ-ਸਵਾਰਥ ਵਾਲੀ ਭਾਵਨਾ ਨਾਲ ਅੱਗੇ ਵੱਧਣਾ ਪਵੇਗਾ। ਅਜਿਹੇ ਸਟਾਰਟ-ਅਪ ਤਿਆਰ ਕਰਨ ਪੈਣਗੇ, ਜੋ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਣ। ਤੁਹਾਨੂੰ ਡਿਗਰੀ ਦੇ ਰੂਪ 'ਚ ਅੱਜ ਜੋ ਦਸਤਾਵੇਜ਼ ਦਿੱਤੇ ਜਾ ਰਹੇ ਹਨ, ਉਹ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਦੇ ਵੀ ਦਸਤਾਵੇਜ਼ ਹਨ।

ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡੀ ਧਾਰਨਾ ਪੂਰੇ ਦੇਸ਼ ਲਈ ਅਹਿਮ ਹੈ ਕਿਉਂਕਿ ਆਈਆਈਟੀ ਦੇ ਗ੍ਰੈਜੂਏਟ ਆਤਮ-ਨਿਰਭਰ ਭਾਰਤ ਦੀ ਬੁਨਿਆਦ ਹਨ। ਇਸ ਲਈ ਆਪਣੀਆਂ ਨਜ਼ਰਾਂ ਵਰਤਮਾਨ 'ਤੇ ਰੱਖੋ ਤੇ ਭਵਿੱਖ ਲਈ ਕੰਮ ਕਰੋ। ਸਾਡੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖੋ ਤੇ ਆਉਣ ਵਾਲੇ 10 ਸਾਲਾਂ ਦੀਆਂ ਜ਼ਰੂਰਤਾਂ ਲਈ ਕੰਮ ਕਰੋ। ਇਕ ਇੰਜੀਨੀਅਰ ਹੋਣ ਦੇ ਨਾਤੇ ਵਿਦਿਆਰਥੀਆਂ 'ਚ ਪੈਟਰਨ ਤੋਂ ਪੇਟੈਂਟ ਤਕ ਨਵਾਂ-ਵਿਚਾਰ ਲੈਣ ਦੀ ਸਮਰੱਥਾ ਹੈ। ਦੁਨੀਆ ਦੀਆਂ ਮੌਜੂਦਾ ਸਮੱਸਿਆਵਾਂ ਦਾ ਅਧਿਐਨ ਕਰੋ ਤੇ ਉਨ੍ਹਾਂ 'ਚੋਂ ਹੀ ਉਨ੍ਹਾਂ ਦਾ ਹੱਲ ਲੱਭੋ।

ਨਵੇਂ ਈਕੋ ਸਿਸਟਮ ਨੂੰ ਨਵੇਂ ਨੁਮਾਇੰਦਿਆਂ ਦੀ ਜ਼ਰੂਰਤ

ਮੋਦੀ ਨੇ ਕਿਹਾ ਕਿ ਦੇਸ਼ ਦੇ ਨਵੇਂ ਈਕੋ ਸਿਸਟਮ ਨੂੰ ਨਵੇਂ ਨੁਮਾਇੰਦਿਆਂ ਦੀ ਜ਼ਰੂਰਤ ਹੈ। ਆਈਆਈਟੀ ਨੂੰ ਸਿਰਫ ਤਕਨੀਕੀ ਸੰਸਥਾ ਬਣ ਕੇ ਨਹੀਂ ਰਹਿਣਾ ਹੈ ਬਲਕਿ ਸਵਦੇਸ਼ੀ ਤਕਨੀਕ ਦੀ ਵੀ ਸੰਸਥਾ ਬਣਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਵਾਲ ਕੀਤਾ ਕਿ ਕੀ ਅਸੀਂ ਦੁਨੀਆ ਨੂੰ ਸਸਤੀ, ਅਸਰਦਾਰ ਤੇ ਵਾਤਾਵਰਨ ਦੇ ਅਨੁਕੂਲ ਨਵੀਂ ਤਕਨੀਕ ਦੇ ਸਕਦੇ ਹਾਂ? ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਭੂ-ਸਥਾਨਕ ਡਾਟਾ ਨੂੰ ਕੰਟਰੋਲ ਮੁਕਤ ਕਰ ਦਿੱਤਾ ਹੈ। ਇਹ ਤਕਨੀਕ ਸਟਾਰਟ-ਅਪ ਈਕੋ ਸਿਸਟਮ ਨੂੰ ਬੜ੍ਹਾਵਾ ਦੇਵੇਗੀ ਤੇ ਆਤਮ-ਨਿਰਭਰ ਭਾਰਤ ਦੀ ਦਿਸ਼ਾ 'ਚ ਵੱਧਦਾ ਹੋਇਆ ਇਕ ਕਦਮ ਹੋਵੇਗਾ। ਪੀਐੱਮ ਮੋਦੀ ਨੇ ਕੋਰੋਨਾ ਮਹਾਮਾਰੀ ਨੂੁੰ ਕੰਟਰੋਲ ਕਰਨ ਲਈ ਆਈਆਈਟੀ ਖੜਗਪੁਰ ਵੱਲੋਂ ਵਿਕਸਿਤ ਕੀਤੀ ਗਈ ਤਕਨੀਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਸੰਸਥਾ ਨੂੰ ਸਿਹਤ ਸਬੰਧੀ ਹੋਰ ਸਮੱਸਿਆਵਾਂ ਦੇ ਹੱਲ ਲਈ ਵੀ ਤੇਜ਼ੀ ਨਾਲ ਕੰਮ ਕਰਨਾ ਪਵੇਗਾ।

Posted By: Susheel Khanna