ਨਵੀਂ ਦਿੱਲੀ (ਪੀਟੀਆਈ) : ਜੇ ਤੁਸੀਂ ਕੋਰੋਨਾ ਦੀ ਲਪੇਟ ’ਚ ਆਏ ਹੋ ਤਾਂ ਉਸ ਤੋਂ ਠੀਕ ਹੋਣ ਦੇ ਤਿੰਨ ਮਹੀਨੇ ਬਾਅਦ ਹੀ ਤੁਸੀਂ ਟੀਕਾ ਲਗਵਾਉਣ ਦੇ ਯੋਗ ਹੋਵੋਗੇ। ਟੀਕਾਕਰਨ ਨਾਲ ਸਬੰਧਤ ਨਵੀਆਂ ਹਦਾਇਤਾਂ ’ਚ ਇਹਤਿਆਤੀ ਡੋਜ਼ ਵੀ ਲਿਆਂਦਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ’ਚ ਵਧੀਕ ਸਕੱਤਰ ਵਿਕਾਸ਼ ਸ਼ੀਲ ਨੇ ਇਸ ਬਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਇਹਤਿਆਤੀ ਡੋਜ਼ ਲਈ ਯੋਗ ਕੋਰੋਨਾ ਪੀੜਤਾਂ ਦੇ ਟੀਕਾਕਰਨ ਸਬੰਧੀ ਢੁੱਕਵੀਂ ਸਲਾਹ ਮੰਗੀ ਗਈ ਸੀ।

ਵਿਕਾਸ ਸ਼ੀਲ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਦੇ ਸਾਰਸ-ਸੀਓਵੀ-2 ਤੋਂ ਇਨਫੈਕਟਿਡ ਹੋਣ ਦੀ ਪੁਸ਼ਟੀ ਲੈਬ ’ਚ ਹੁੰਦੀ ਹੈ ਤਾਂ ਉਸ ਨੂੰ ਇਹਤਿਆਤੀ ਡੋਜ਼ ਸਮੇਤ ਟੀਕੇ ਦੀ ਕੋਈ ਵੀ ਡੋਜ਼ ਠੀਕ ਹੋਣ ਤੋਂ ਤਿੰਨ ਮਹੀਨੇ ਬਾਅਦ ਹੀ ਲਗਾਈ ਜਾ ਸਕਦੀ ਹੈ। ਪੱਤਰ ’ਚ ਇਸ ਬਾਰੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।

ਸ਼ੀਲ ਨੇ ਕਿਹਾ ਕਿ ਇਹ ਸੁਝਾਅ ਵਿਗਿਆਨਿਕ ਤੱਥਾਂ ਤੇ ਟੀਕਾਕਰਨ ਬਾਰੇ ਕੌਮੀ ਤਕਨੀਕੀ ਸਲਾਹਕਾਰ ਸਮੂਹ ਦੀਆਂ ਸਿਫਾਰਸ਼ਾਂ ’ਤੇ ਆਧਾਰਿਤ ਹੈ। ਦੱਸਣਯੋਗ ਹੈ ਕਿ ਟੀਕਾਕਰਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਪਿਛਲੇ ਸਾਲ 16 ਜਨਵਰੀ ਨੂੰ ਸ਼ੁਰੂ ਹੋਈ ਸੀ। ਇਸ ਸਾਲ ਤਿੰਨ ਜਨਵਰੀ ਤੋਂ 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਇਆ ਸੀ ਜਦੋਂ ਕਿ 10 ਜਨਵਰੀ ਤੋਂ ਸਿਹਤ ਮੁਲਾਜ਼ਮਾਂ, ਫਰੰਟਲਾਈਨ ਵਰਕਰ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਹਤਿਆਤੀ ਡੋਜ਼ ਲਗਾਈ ਜਾ ਰਹੀ ਹੈ। ਇਹਤਿਆਤੀ ਡੋਜ਼ ਆਮ ਟੀਕਾਕਰਨ ਤਹਿਤ ਲਗਾਈ ਜਾਣ ਵਾਲੀ ਦੂਸਰੀ ਡੋਜ਼ ਦੇ ਤਿੰਨ ਮਹੀਨੇ ਬਾਅਦ ਦਿੱਤੀ ਜਾ ਰਹੀ ਹੈ।

ਵਿਦੇਸ਼ ਤੋਂ ਆਏ ਕੋਰੋਨਾ ਮਰੀਜ਼ਾਂ ਲਈ ਕੁਆਰੰਟਾਈਨ ਦੇ ਨਿਯਮਾਂ ’ਚ ਬਦਲਾਅ

ਹੁਣ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਵੀ ਤੈਅ ਸੈਂਟਰ ’ਚ ਲਾਜ਼ਮੀ ਕੁਆਰੰਟਾਈਨ ਦੀ ਜ਼ਰੂਰਤ ਨਹੀਂ ਹੈ। ਸਰਕਾਰ ਨੇ ਨਿਯਮਾਂ ’ਚ ਬਦਲਾਅ ਕਰਦੇ ਹੋਏ ਅਜਿਹੇ ਲੋਕਾਂ ਨੂੰ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਦੇ ਹੋਏ ਹੋਮ ਕੁਆਰੰਟਾਈਨ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ।

ਕੌਮਾਂਤਰੀ ਯਾਤਰੀਆਂ ਲਈ ਵੀਰਵਾਰ ਨੂੰ ਜਾਰੀ ਸੋਧੇ ਗਏ ਦਿਸ਼ਾ-ਨਿਰਦੇਸ਼ਾਂ ’ਚ ਸਰਕਾਰ ਨੇ ਕਿਹਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਲੋਕ ਜੇ ਕੋਰੋਨਾ ਪ੍ਰਭਾਵਿਤ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੱਤ ਦਿਨ ਤਕ ਹੋਮ ਕੁਆਰੰਟਾਈਨ ਹੋਣਾ ਪਵੇਗਾ, ਭਾਵੇਂ ਵਿਚਾਲੇ ਉਨ੍ਹਾਂ ਦੀ ਜਾਂਚ ਰਿਪੋਰਟ ਨੈਗੇਟਿਵ ਹੀ ਕਿਉਂ ਨਾ ਆਈ ਹੋਵੇ। ਇਸ ਤੋਂ ਇਲਾਵਾ ਭਾਰਤ ਆਉਣ ਦੇ ਅੱਠਵੇਂ ਦਿਨ ਯਾਨੀ ਸੱਤ ਦਿਨ ਦੇ ਹੋਮ ਕੁਆਰੰਟਾਈਨ ਤੋਂ ਇਕ ਦਿਨ ਬਾਅਦ ਉਨ੍ਹਾਂ ਨੂੰ ਆਰਟੀ-ਪੀਸੀਆਰ ਜਾਂਚ ਵੀ ਕਰਵਾਉਣੀ ਪਵੇਗੀ। ਸੋਧੇ ਗਏ ਦਿਸ਼ਾ-ਨਿਰਦੇਸ਼ ਸ਼ਨਿਚਰਵਾਰ ਤੋਂ ਲਾਗੂ ਹੋ ਗਏ ਹਨ। ਇਸ ਤੋਂ ਪਹਿਲਾਂ ਜ਼ਿਆਦਾ ਜੋਖ਼ਮ ਵਾਲੇ ਦੇਸ਼ਾਂ ਸਮੇਤ ਕਿਸੇ ਵੀ ਦੇਸ਼ ਤੋਂ ਆਉਣ ਵਾਲਿਆਂ ਨੂੁੰ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਵਿਸ਼ੇਸ਼ ਕੁਆਰੰਟਾਈਨ ਸੈਂਟਰ ’ਚ ਹੀ ਰਹਿਣਾ ਪੈਂਦਾ ਸੀ।

Posted By: Jagjit Singh