ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਤਜਰਬੇ ਦੇ ਤੌਰ 'ਤੇ ਸੀਮਤ ਗਿਣਤੀ 'ਚ ਮਾਮਲਿਆਂ ਦੀ ਫਿਜ਼ੀਕਲ ਸੁਣਵਾਈ ਸ਼ੁਰੂ ਕਰੇਗਾ। ਇਸ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਪਰ ਸੁਣਵਾਈ ਸ਼ੁਰੂੁ ਕਰਨ ਦੀ ਤਰੀਕ ਨਹੀਂ ਦੱਸੀ ਗਈ। ਫਿਜ਼ੀਕਲ ਸੁਣਵਾਈ ਤੋਂ ਮਤਲਬ ਇਹ ਹੈ ਕਿ ਜੱਜ ਤੇ ਵਕੀਲ ਦੋਵੇਂ ਅਦਾਲਤ ਆਉਣਗੇ ਤੇ ਕੋਰਟ ਰੂਮ 'ਚ ਆਹਮੋ-ਸਾਹਮਣੇ ਮਾਮਲਿਆਂ ਦੀ ਸੁਣਵਾਈ ਹੋਵੇਗੀ।

ਕੋਰੋਨਾ ਮਹਾਮਾਰੀ ਕਾਰਨ ਰਾਸ਼ਟਰ ਵਿਆਪੀ ਲਾਕਡਾਊਨ ਤੋਂ ਬਾਅਦ 25 ਮਾਰਚ ਤੋਂ ਸੁਪਰੀਮ ਕੋਰਟ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲਿਆਂ ਦੀ ਸੁਣਵਾਈ ਹੋ ਰਹੀ ਹੈ। ਲਾਕਡਾਊਨ 'ਚ ਰਿਆਇਤ ਤੋਂ ਬਾਅਦ ਵੀ ਹਾਲੇ ਵੀ ਇਹ ਵਿਵਸਥਾ ਚੱਲੀ ਆ ਰਹੀ ਹੈ।

ਕਈ ਵਾਰ ਸੰਗਠਨਾਂ ਦੀ ਅਪੀਲ 'ਤੇ ਇਸ ਮਹੀਨੇ ਦੇ ਸ਼ੁਰੂ 'ਚ ਜਸਟਿਸ ਐੱਨਵੀ ਰਮਨਾ ਦੀ ਪ੍ਰਧਾਨਗੀ ਵਾਲੀ ਸੱਤ ਮੈਂਬਰੀ ਕਮੇਟੀ ਨੇ ਚੀਫ ਜਸਟਿਸ ਐੱਸਏ ਬੋਬਡੇ ਨੂੰ ਤਜਰਬੇ ਵਜੋਂ ਵਾਧੂ ਸਾਵਧਾਨੀ ਨਾਲ ਫਿਜ਼ੀਕਲ ਸੁਣਵਾਈ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ ਸੀ। ਹਾਲਾਂਕਿ, ਕਈ ਵਕੀਲਾਂ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਫਿਜ਼ੀਕਲ ਸੁਣਵਾਈ ਸ਼ੁਰੂ ਕਰਨ ਦਾ ਵਿਰੋਧ ਵੀ ਕੀਤਾ ਹੈ।

ਸੁਪਰੀਮ ਕੋਰਟ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਪਰ ਇਸ 'ਚ ਇਹ ਨਹੀਂ ਦੱਸਿਆ ਕਿ ਕਿੰਨੀ ਤਰੀਕ ਤੋਂ ਫਿਜ਼ੀਕਲ ਸੁਣਵਾਈ ਸ਼ੁਰੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਤਿੰਨ ਕੋਰਟ ਰੂਮ 'ਚ ਸੀਮਤ ਮਾਮਲਿਆਂ ਦੀ ਫਿਜ਼ੀਕਲ ਸੁਣਵਾਈ ਸ਼ੁਰੂ ਹੋ ਸਕਦੀ ਹੈ। ਬਾਅਦ 'ਚ ਹਾਲਾਤ ਨੂੰ ਦੇਖਦਿਆਂ ਕੋਰਟ ਰੂਮ ਦੇ ਨਾਲ ਹੀ ਮਾਮਲਿਆਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ।

ਸੁਣਵਾਈ ਦੌਰਾਨ ਸਰੀਰਕ ਦੂਰੀ ਦੇ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇਗੀ, ਜਿਨ੍ਹਾਂ ਮਾਮਲਿਆਂ ਦੀ ਸੁਣਵਾਈ ਹੋਵੇਗੀ, ਉਨ੍ਹਾਂ ਦੇ ਵਕੀਲਾਂ ਤੇ ਮੁਵੱਕਲਾਂ ਨੂੰ ਕੋਰਟ 'ਚ ਜਾਣ ਦੀ ਅਗਵਾਈ ਹੋਵੇਗੀ। ਜੇ ਕਿਸੇ ਮਾਮਲੇ 'ਚ ਜ਼ਿਆਦਾਤਰ ਧਿਰਾਂ ਹੋਣਗੀਆਂ ਤਾਂ ਹਰੇਕ ਧਿਰ ਇਕ ਵਕੀਲ (ਐਡਵੋਕੇਟ ਆਨ ਰਿਕਾਰਡ) ਤੇ ਵਿਰੋਧੀ ਧਿਰ ਦੇ ਇਕ ਵਕੀਲ ਨੂੰ ਪ੍ਰਵੇਸ਼ ਦਿੱਤਾ ਜਾਵੇਗਾ। ਹਰੇਕ ਧਿਰ ਦੇ ਵਕੀਲ ਲਈ ਇਕ ਕਲਰਕ ਨੂੰ ਵੀ ਅਦਾਲਤ 'ਚ ਜਾਣ ਦੀ ਆਗਿਆ ਹੋਵੇਗੀ।

ਹਰੇਕ ਮਾਮਲੇ ਦੇ ਹਿਸਾਬ ਨਾਲ ਉਸ ਦੇ ਵਕੀਲ ਤੇ ਧਿਰ ਨੂੰ ਅਦਾਲਤ 'ਚ ਜਾਣ ਲਈ ਹਰੇਕ ਦਿਨ ਪਾਸ ਜਾਰੀ ਕੀਤੇ ਜਾਣਗੇ। ਹਰੇਕ ਕੋਰਟ ਰੂਮ 'ਚ ਆਉਣ-ਜਾਣ ਲਈ ਵੱਖ-ਵੱਖ ਗੇਟ ਹੋਣਗੇ।