ਨਵੀਂ ਦਿੱਲੀ, ਏਜੰਸੀ : ਸੁਪਰੀਮ ਕੋਰਟ ਦੇ ਕੋਲੇਜੀਅਮ ਦੀ ਮੀਟਿੰਗ ਦੀ ਜਾਣਕਾਰੀ ਆਰਟੀਆਈ ਰਾਹੀਂ ਨਹੀਂ ਮਿਲੇਗੀ। ਸੁਪਰੀਮ ਕੋਰਟ ਨੇ 12 ਦਸੰਬਰ 2018 ਨੂੰ ਹੋਈ ਕੋਲੇਜੀਅਮ ਮੀਟਿੰਗ ਦੀ ਜਾਣਕਾਰੀ ਜਨਤਕ ਕਰਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਆਰਟੀਆਈ ਐਕਟ ਤਹਿਤ ਵੇਰਵਿਆਂ ਦਾ ਖੁਲਾਸਾ ਕਰਨ ਦੀ ਮੰਗ ਨੂੰ ਠੁਕਰਾ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਕੋਲੇਜੀਅਮ ਦੀ ਮੀਟਿੰਗ ਦੀ ਜਾਣਕਾਰੀ ਆਰਟੀਆਈ ਦੇ ਦਾਇਰੇ ਵਿੱਚ ਨਹੀਂ ਆਉਂਦੀ।

ਅਸਥਾਈ ਫੈਸਲੇ ਨੂੰ ਜਨਤਕ ਕਰਨਾ ਠੀਕ ਨਹੀਂ

ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ, ਅਦਾਲਤ ਨੇ ਨੋਟ ਕੀਤਾ ਕਿ ਕੋਲੇਜੀਅਮ ਇਕ ਬਹੁ-ਮੈਂਬਰੀ ਸੰਸਥਾ ਹੈ, ਜਿਸ ਦਾ ਆਰਜ਼ੀ ਫੈਸਲਾ ਜਨਤਕ ਖੇਤਰ ਵਿਚ ਨਹੀਂ ਲਿਆਂਦਾ ਜਾ ਸਕਦਾ ਹੈ। ਦੱਸ ਦੇਈਏ ਕਿ ਸਾਲ 2018 ਵਿੱਚ ਹੋਈ ਮੀਟਿੰਗ ਦੇ ਵੇਰਵੇ ਮੰਗਣ ਲਈ ਅਦਾਲਤ ਵਿੱਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ।

ਸਿਰਫ਼ ਅੰਤਿਮ ਫ਼ੈਸਲਾ ਅੱਪਲੋਡ ਕਰਨ ਦੀ ਲੋੜ

ਸੁਪਰੀਮ ਕੋਰਟ ਨੇ ਅੱਗੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਿੱਚ ਕੋਈ ਮੈਰਿਟ ਨਹੀਂ ਹੈ, ਇਸ ਲਈ ਇਸ ਨੂੰ ਖਾਰਜ ਕੀਤਾ ਜਾ ਰਿਹਾ ਹੈ। ਅਦਾਲਤ ਨੇ ਕਿਹਾ ਕਿ ਕੋਲੇਜੀਅਮ ਦੀ ਮੀਟਿੰਗ ਵਿੱਚ ਜੋ ਵੀ ਚਰਚਾ ਹੋਈ ਸੀ, ਉਸ ਨੂੰ ਜਨਤਕ ਖੇਤਰ ਵਿੱਚ ਨਹੀਂ ਲਿਆਂਦਾ ਜਾਵੇਗਾ ਅਤੇ ਸਿਰਫ਼ ਮੀਟਿੰਗ ਦੇ ਅੰਤਿਮ ਫੈਸਲੇ ਨੂੰ ਅਪਲੋਡ ਕਰਨ ਦੀ ਲੋੜ ਹੈ।

Posted By: Sarabjeet Kaur