ਜੇਐੱਨਐੱਨ, ਗਵਾਲੀਅਰ : ਕੁਟੁੰਬ ਅਦਾਲਤ 'ਚ ਤਲਾਕ ਦਾ ਇਕ ਰੋਚਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਕ ਸਬ-ਇੰਸਪੈਕਟਰ ਓਐੱਲਐਕਸ 'ਤੇ ਪੋਸਟ ਦੇਖ ਕੇ ਪੁਰਾਣੀ ਕਾਰ ਖ਼ਰੀਦਣ ਗਿਆ ਅਤੇ ਪਤਨੀ ਲੈ ਆਇਆ। ਲੜਕੀ ਨੇ ਆਪਣੀ ਵਿਆਹੁਤਾ ਸਥਿਤੀ ਲੁਕਾ ਕੇ ਸਬ-ਇੰਸਪੈਕਟਰ ਨਾਲ ਵਿਆਹ ਕਰਵਾਇਆ ਸੀ। ਬਾਅਦ ਵਿਚ ਜਦੋਂ ਸੱਚਾਈ ਸਾਹਮਣੇ ਆਈ ਤਾਂ ਗੱਲ ਤਲਾਕ ਤਕ ਪਹੁੰਚ ਗਈ।

ਇੰਟਰਨੈੱਟ ਮੀਡੀਆ ਪਲੇਟਫਾਰਮ ਓਐੱਲਐਕਸ 'ਤੇ ਪੁਰਾਣੀ ਕਾਰ ਖ਼ਰੀਦਣ ਦੀ ਪੋਸਟ ਦੇਖ ਕੇ ਗਵਾਲੀਆਰ ਵਿਚ ਤਾਇਨਾਤ ਇਕ ਸਬ-ਇੰਸਪੈਕਟਰ ਨਿਰਧਾਰਤ ਸਥਾਨ 'ਤੇ ਪੁੱਜਾ ਤਾਂ ਉਸ ਨੂੰ ਗੱਡੀ ਤਾਂ ਦੇਖਣ ਨੂੰ ਨਾ ਮਿਲੀ, ਪਰ ਉਥੇ ਉਸ ਦੀ ਮੁਲਾਕਾਤ ਇਕ ਲੜਕੀ ਨਾਲ ਹੋ ਗਈ। ਲੜਕੀ ਨੇ ਦੱਸਿਆ ਕਿ ਗੱਡੀ ਕਿਤੇ ਬਾਹਰ ਗਈ ਹੈ। ਇਸ ਦੌਰਾਨ ਸਬ-ਇੰਸਪੈਕਟਰ ਪਰਤਣ ਲੱਗਾ ਤਾਂ ਲੜਕੀ ਨੇ ਉਸ ਤੋਂ ਲਿਫਟ ਮੰਗੀ। ਮੰਜ਼ਿਲ ਤਕ ਪਹੁੰਚਣ ਦੌਰਾਨ ਦੋਵਾਂ ਵਿਚ ਗੱਲਬਾਤ ਹੋਈ ਅਤੇ ਲੜਕੀ ਤੇ ਸਬ-ਇੰਸਪੈਕਟਰ ਨੇ ਮੋਬਾਈਲ ਨੰਬਰਾਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਤੋਂ ਬਾਅਦ ਦੋਵਾਂ ਵਿਚਾਲੇ ਗੱਲਾਂ ਹੋਣ ਲੱਗੀਆਂ। ਜੁਲਾਈ 2019 ਵਿਚ ਦੋਵਾਂ ਨੇ ਆਰੀਆ ਸਮਾਜ ਮੰਦਰ 'ਚ ਵਿਆਹ ਕਰਵਾ ਲਿਆ। ਵਿਆਹ ਦੇ ਤਿੰਨ ਮਹੀਨਿਆਂ ਬਾਅਦ ਸਬ-ਇੰਸਪੈਕਟਰ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਪਹਿਲਾਂ ਤੋਂ ਸ਼ਾਦੀਸ਼ੁਦਾ ਹੈ। ਪਹਿਲੇ ਪਤੀ ਤੋਂ ਅੱਠ ਸਾਲ ਦਾ ਬੱਚਾ ਵੀ ਹੈ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋਣ ਲੱਗੀ। ਹਾਲਾਂਕਿ, ਅੌਰਤ ਦਾ ਸਾਬਕਾ ਪਤੀ ਨਾਲੋਂ ਤਲਾਕ ਹੋ ਚੁੱਕਾ ਸੀ। ਹੁਣ ਸਬ-ਇੰਸਪੈਕਟਰ ਪਤੀ ਨੇ ਤਲਾਕ ਦੀ ਅਰਜ਼ੀ ਦਾਇਰ ਕੀਤੀ ਹੈ। ਕੋਰਟ ਨੇ ਇਸ ਮਾਮਲੇ ਨੂੰ ਸੁਣਵਾਈ ਤੋਂ ਬਾਅਦ ਪਤਨੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਤਲਾਕ ਦੀ ਅਰਜ਼ੀ ਵਿਚ ਸਬ-ਇੰਸਪੈਕਟਰ ਪਤੀ ਨੇ ਦੱਸਿਆ ਕਿ ਅਸੀਂ ਜਦੋਂ ਪਹਿਲੀ ਵਾਰ ਮਿਲੇ ਤਾਂ ਉਸ ਨੇ ਆਪਣਾ ਜੋ ਉਪਨਾਮ ਦੱਸਿਆ ਉਹ ਮੇਰੀ ਹੀ ਜਾਤ ਦਾ ਸੀ। ਇਹ ਜਾਣ ਕੇ ਲੱਗਾ ਕਿ ਪਰਿਵਾਰ ਤੇ ਰਿਸ਼ਤੇਦਾਰੀ ਵਿਚ ਕੋਈ ਪਰੇਸ਼ਾਨੀ ਨਹੀਂ ਆਵੇਗੀ। ਉਥੇ, ਦੂਜੇ ਪਾਸੇ ਪਤਨੀ ਨੇ ਸਬ-ਇੰਸਪੈਕਟਰ ਖ਼ਿਲਾਫ਼ ਦਾਜ ਲਈ ਪਰੇਸ਼ਾਨ ਕਰਨ, ਘਰੇਲੂ ਹਿੰਸਾ ਤੇ ਪਾਲਣ-ਪੋਸ਼ਣ ਦਾ ਕੇਸ ਦਾਇਰ ਕਰ ਦਿੱਤਾ ਹੈ।