ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਫੈਲਣਾ ਸ਼ੁਰੂ ਹੋ ਗਿਆ ਹੈ। ਮਹਾਰਾਸ਼ਟਰ, ਪੰਜਾਬ, ਕਰਨਾਟਕ, ਕੇਰਲ ਤੇ ਤਾਮਿਲਨਾਡੂ 'ਚ ਅਚਾਨਕ ਮਾਮਲੇ ਵਧਣ ਲੱਗੇ ਹਨ। ਖਾਸਕਰ ਪੰਜਾਬ ਤੇ ਮਹਾਰਾਸ਼ਟਰ 'ਚ ਸਥਿਤੀ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ। ਕੇਂਦਰ ਨੇ ਇਨ੍ਹਾਂ ਦੋਵਾਂ ਸੂਬਿਆਂ 'ਚ ਮਾਹਰਾਂ ਦੀਆਂ ਟੀਮਾਂ ਭੇਜੀਆਂ ਹਨ ਤਾਂ ਜੋ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਇਸ ਮਹਾਮਾਰੀ ਨੂੰ ਠੱਲ੍ਹ ਪਾਈ ਜਾ ਸਕੇ। ਦੇਸ਼ 'ਚ 36 ਦਿਨਾਂ ਬਾਅਦ ਇਕ ਦਿਨ 'ਚ 18 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਲਗਾਤਾਰ ਦੂਜੇ ਦਿਨ ਕੋਰੋਨਾ ਨਾਲ 2 ਸੌ ਤੋਂ ਜ਼ਿਆਦਾ ਲੋਕਾਂ ਦੀ ਜਾਨ ਇਕ ਦਿਨ 'ਚ ਗਈ ਹੈ। ਸ਼ਨਿੱਚਰਵਾਰ ਲਗਾਤਾਰ ਚੌਥੇ ਦਿਨ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਕੋਰੋਨਾ ਤੋਂ ਠੀਕ ਹੋਣ ਵਾਲੇ ਮਾਮਲੇ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਤੋਂ ਘੱਟ ਹਨ। ਮਰੀਜ਼ਾਂ ਦੀ ਠੀਕ ਹੋਣ ਦੀ ਦਰ ਵੀ 97 ਫ਼ੀਸਦੀ ਤੋਂ ਥੱਲੇ ਆ ਗਈ ਹੈ। ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ 'ਚ ਮਹਾਰਾਸ਼ਟਰ ਤੇ ਪੰਜਾਬ 'ਚ ਮਾਹਰਾਂ ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਮਹਾਰਾਸ਼ਟਰ 'ਚ ਭੇਜੀ ਗਈ ਟੀਮ ਦੀ ਅਗਵਾਈ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ 'ਚ ਆਫਤ ਪ੍ਰਬੰਧਨ ਸੈੱਲ 'ਚ ਸੀਨੀਅਰ ਸੀਐÎੱਮਓ ਪੀ. ਰਵਿੰਦਰ ਕਰ ਰਹੇ ਹਨ ਜਦਕਿ ਨਵੀਂ ਦਿੱਲੀ ਸਥਿਤ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨਸੀਡੀਸੀ) ਦੇ ਨਿਦੇਸ਼ਕ ਐੱਸਕੇ ਸਿੰਘ ਦੀ ਅਗਵਾਈ 'ਚ ਪੰਜਾਬ 'ਚ ਟੀਮ ਭੇਜੀ ਗਈ ਹੈ। ਇਸ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਇਹ ਟੀਮਾਂ ਸਥਾਨਕ ਪ੍ਰਸ਼ਾਸਨ ਦੀ ਮਦਦ ਕਰਨਗੀਆਂ। ਮਹਾਰਾਸ਼ਟਰ ਤੇ ਪੰਜਾਬ ਦੇ ਨਾਲ ਕੇਰਲ, ਕਰਨਾਟਕ ਤੇ ਤਾਮਿਲਨਾਡੂ 'ਚ 82 ਫ਼ੀਸਦੀ ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਦੇਸ਼ 'ਚ 18,327 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਇਸ ਤੋਂ ਜ਼ਿਆਦਾ 18, 855 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ 108 ਲੋਕਾਂ ਦੀ ਮੌਤ ਹੋਈ ਸੀ। ਇਸ ਦੇ ਨਾਲ ਹੀ ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਇਕ ਕਰੋੜ 11 ਲੱਖ 92 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਨ੍ਹਾਂ 'ਚੋਂ ਇਕ ਕਰੋੜ, ਅੱਠ ਲੱਖ 54 ਹਜ਼ਾਰ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਦੌਰਾਨ ਇਕ ਲੱਖ 57 ਹਜ਼ਾਰ 656 ਲੋਕਾਂ ਦੀ ਜਾਨ ਵੀ ਕੋਰੋਨਾ ਕਾਰਨ ਜਾ ਚੁੱਕੀ ਹੈ। ਮਰੀਜ਼ਾਂ ਦੀ ਠੀਕ ਹੋਣ ਦੀ ਦਰ 96.98 ਫ਼ੀਸਦੀ 'ਤੇ ਆ ਗਈ ਹੈ।

ਮਹਾਰਾਸ਼ਟਰ 'ਚ 90 ਹਜ਼ਾਰ ਤੋਂ ਜ਼ਿਆਦਾ ਸਰਗਰਮ ਮਾਮਲੇ

ਮਹਾਰਾਸ਼ਟਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮੌਜੂਦਾ ਸਮੇਂ 'ਚ ਕੁਲ 1.80,304 ਸਰਗਰਮ ਮਾਮਲੇ ਹਨ ਜੋ ਕਿ ਕੁਲ ਪਾਜ਼ੇਟਿਵ ਮਰੀਜ਼ਾਂ ਦਾ 1.61 ਫ਼ੀਸਦੀ ਹੈ। ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 90,055 ਸਰਗਰਮ ਮਾਮਲੇ ਹਨ ਜਦਕਿ ਪੰਜਾਬ 'ਚ ਵੀ ਇਨ੍ਹਾਂ ਦੀ ਗਿਣਤੀ ਪੰਜ ਹਜ਼ਾਰ ਦੇ ਅੰਕੜੇ ਨੂੰ ਪਾਰ ਕਰਦੇ ਹੋਏ 6,661 'ਤੇ ਪਹੁੰਚ ਗਈ ਹੈ।

22 ਕਰੋੜ ਤੋਂ ਜ਼ਿਆਦਾ ਸੈਂਪਲਾਂ ਦੀ ਕੀਤੀ ਗਈ ਜਾਂਚ

ਭਾਰਤੀ ਖੋਜ ਮੈਡੀਕਲ ਕੌਂਸਲ (ਆਈਸੀਐੱਮਆਰ) ਮੁਤਾਬਕ ਦੇਸ਼ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਪਤਾ ਲਾਉਣ ਲਈ 22 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਇਸ 'ਚ ਸ਼ੁੱਕਰਵਾਰ ਨੂੰ ਜਾਂਚ ਕੀਤੇ ਗਏ ਸੈਂਪਲ ਵੀ ਸ਼ਾਮਲ ਹਨ। ਕੇਂਦਰ ਨੇ ਜਿਨ੍ਹਾਂ ਸੂਬਿਆਂ 'ਚ ਕੋਰੋਨਾ ਤੇਜ਼ੀ ਨਾਲ ਵੱਧ ਰਿਹਾ ਹੈ ਉਨ੍ਹਾਂ ਨੂੰ ਵੈਕਸੀਨੇਸ਼ਨ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਹੈ।

Posted By: Susheel Khanna