ਨਵੀਂ ਦਿੱਲੀ (ਏਐੱਨਆਈ) : ਪੂਰਬੀ ਲੱਦਾਖ 'ਚ ਫਿੰਗਰ ਏਰੀਆ 'ਚ ਚੀਨੀ ਫ਼ੌਜੀਆਂ ਦੇ ਕਬਜ਼ੇ ਵਿਚਾਲੇ ਚਾਈਨਾ ਸਟੱਡੀ ਗਰੁੱਪ (ਸੀਐੱਸਜੀ) ਨੇ ਇਸ ਹਫ਼ਤੇ ਮੌਜੂਦਾ ਕੰਟਰੋਲ ਰੇਖਾ (ਐੱਲਏਸੀ) ਦੀ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ। ਸੀਐੱਸਜੀ 'ਚ ਕੇਂਦਰ ਸਰਕਾਰ ਦੇ ਮਹੱਤਵਪੂਰਨ ਮੈਂਬਰ ਸ਼ਾਮਲ ਹਨ। ਇਸ 'ਚ ਵਿਦੇਸ਼ ਮੰਤਰੀ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸਮੇਤ ਫ਼ੌਜੀ ਤੇ ਹੋਰ ਸਬੰਧਤ ਸਰਕਾਰੀ ਏਜੰਸੀਆਂ ਦੇ ਪ੍ਰਤੀਨਿਧ ਸ਼ਾਮਲ ਹਨ। ਇਹ ਸਟੱਡੀ ਗਰੁੱਪ ਸਰਕਾਰ ਦੇ ਸਿਖਰਲੇ ਅਦਾਰਿਆਂ 'ਚੋਂ ਇਕ ਹੈ ਜੋ ਚੀਨ ਨਾਲ ਗੱਲਬਾਤ ਦੌਰਾਨ ਲਏ ਜਾਣ ਵਾਲੇ ਰੁਖ਼ 'ਤੇ ਫ਼ੌਜ ਤੇ ਡਿਪਲੋਮੈਟਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਹੈ। ਨਾਲ ਹੀ ਚੀਨੀ ਪੱਖ ਵੱਲੋਂ ਉਠਾਏ ਗਏ ਬਿੰਦੂਆਂ ਤੇ ਮੰਗਾਂ 'ਤੇ ਵਿਚਾਰ ਕਰਦਾ ਹੈ। ਸੂਤਰਾਂ ਨੇ ਕਿਹਾ ਕਿ 28 ਜੁਲਾਈ ਨੂੰ ਹੋਈ ਸੀਐੱਸਜੀ ਦੀ ਬੈਠਕ 'ਚ ਪੂਰਬੀ ਲੱਦਾਖ ਸੈਕਟਰ ਦੀ ਸਥਿਤੀ 'ਤੇ ਚਰਚਾ ਕੀਤੀ ਗਈ। ਭਾਰਤ ਆਪਣੇ ਇਸ ਰੁਖ਼ 'ਤੇ ਅੜਿਆ ਹੈ ਕਿ ਫਿੰਗਰ ਏਰੀਆ ਸਮੇਤ ਟਕਰਾਅ ਵਾਲੇ ਸਾਰੇ ਬਿੰਦੂਆਂ ਤੋਂ ਚੀਨੀ ਫ਼ੌਜੀਆਂ ਨੂੰ ਹਟਾਇਆ ਜਾਵੇ।