ਜੇਐੱਨਐੱਨ, ਬਰੇਲੀ : ਕੋਰੋਨਾ ਕਾਲ 'ਚ ਕਿਸੇ ਵੀ ਬਿਮਾਰੀ ਦੀ ਵਜ੍ਹਾ ਨਾਲ ਮਾਪਿਆਂ ਨੂੰ ਗੁਆਉਣ ਵਾਲੇ ਬੱਚਿਆਂ ਦੀ ਪੜ੍ਹਾਈ ਨਹੀਂ ਰੁਕੇਗੀ। ਉਨ੍ਹਾਂ ਦੀ ਮਦਦ ਲਈ ਰਾਸ਼ਟਰੀ ਸਵੈ-ਸੇਵਕ ਸੰਘ ਨੇ ਤਿਆਰੀ ਕੀਤੀ ਹੈ। ਤੈਅ ਹੋਇਆ ਹੈ ਕਿ ਅਜਿਹੇ ਬੱਚਿਆਂ ਨੂੰ ਛੇਵੀਂ ਜਮਾਤ ਤੋਂ ਲੈ ਕੇ ਉੱਚ ਸਿੱਖਿਆ ਤਕ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਵੈ-ਸੇਵਕ ਲੈਣਗੇ। ਬਲਾਕ ਪੱਧਰ ਤਕ ਦੇ ਸਵੈ-ਸੇਵਕਾਂ ਨੂੰ ਅਜਿਹੇ ਬੱਚੇ ਲੱਭਣ ਦਾ ਜ਼ਿੰਮਾ ਦੇ ਦਿੱਤਾ ਗਿਆ ਹੈ।

ਬਰੇਲੀ ਦੇ ਪਿੰਡਾਂ ਤਕ ਅਜਿਹੇ ਬੱਚਿਆਂ ਦੀ ਭਾਲ ਹੋ ਸਕੇ, ਇਸ ਲਈ ਟੋਲ਼ੀਆਂ ਬਣਾਈਆਂ ਗਈਆਂ ਹਨ। ਉਥੋਂ ਦੇ ਸਵੈ-ਸੇਵਕ ਜ਼ਿਲ੍ਹਾ ਦਫ਼ਤਰ ਨੂੰ ਸਬੰਧਤ ਸੂਚਨਾ ਦੇਣਗੇ। ਦੱਸਣਗੇ ਕਿ ਬੱਚੇ ਦਾ ਨਾਂ ਕੀ ਹੈ, ਮਾਂ ਜਾਂ ਪਿਤਾ ਦਾ ਦੇਹਾਂਤ ਕਿਸ ਵਜ੍ਹਾ ਨਾਲ ਹੋਇਆ, ਹੁਣ ਆਰਥਿਕ ਹਾਲਾਤ ਕੀ ਹਨ। ਇਸ ਸਾਰੀਆਂ ਜਾਣਕਾਰੀਆਂ ਦੇ ਆਧਾਰ 'ਤੇ ਬੱਚਿਆਂ ਦੀ ਫਾਈਨਲ ਸੂਚੀ ਬਣੇਗੀ। ਸੰਘ ਦੇ ਵਿਭਾਗ ਪ੍ਰਚਾਰਕ ਆਨੰਦ ਨੇ ਦੱਸਿਆ ਕਿ ਜ਼ਿਲ੍ਹੇ 'ਚ 78 ਬੱਚਿਆਂ ਤੇ ਵਿਦਿਆ ਮੰਦਰ ਹਨ। ਇਨ੍ਹਾਂ ਸਕੂਲਾਂ 'ਚ ਬੱਚਿਆਂ ਨੂੰ ਛੇਵੀਂ ਜਮਾਤ ਤੋਂ 12ਵੀਂ ਤਕ ਦੀ ਪੜ੍ਹਾਈ ਮੁਫਤ ਕਰਵਾਈ ਜਾਵੇਗੀ। ਇਸ ਤੋਂ ਅੱਗੇ ਦੀ ਸਿੱਖਿਆ ਲਈ ਸਹਿਯੋਗੀ ਡਿਗਰੀ ਕਾਲਜਾਂ ਤੋਂ ਮਦਦ ਲਈ ਜਾਵੇਗੀ, ਜਿਨ੍ਹਾਂ ਬੱਚਿਆਂ ਨੂੰ ਰਿਹਾਇਸ਼ੀ ਸਹੂਲਤ ਚਾਹੀਦੀ ਹੋਵੇਗੀ, ਉਨ੍ਹਾਂ ਨੂੰ ਵੀਰਸਾਵਰਕਰ ਨਗਰ ਸਥਿਤ ਹੋਸਟਲ 'ਚ ਜਗ੍ਹਾ ਦਿੱਤੀ ਜਾਵੇਗੀ। ਉਥੇ 40 ਵਿਦਿਆਰਥੀ ਦੇ ਰੁਕਣ ਦਾ ਇੰਤਜ਼ਾਮ ਹੋ ਜਾਵੇਗਾ।

ਜ਼ਰੂਰੀ ਨਹੀਂ ਕਿ ਕੋਰੋਨਾ ਨਾਲ ਹੀ ਹੋਈ ਹੋਵੇ ਮੌਤ

ਬਰੇਲੀ 'ਚ ਪ੍ਰਸ਼ਾਸਨ ਹੁਣ ਤਕ 32 ਬੱਚਿਆਂ ਨੂੰ ਭਾਲ ਚੁੱਕਾ ਹੈ, ਜਿਨ੍ਹਾਂ ਦੇ ਮਾਪਿਆਂ ਦੀ ਮੌਤ ਕੋਰੋਨਾ ਦੀ ਵਜ੍ਹਾ ਨਾਲ ਹੋਈ। ਸੰਘ ਇਸ ਤੋਂ ਇਲਾਵਾ ਵੀ ਮਦਦ ਕਰੇਗਾ। ਪਿਛਲੇ ਇਕ ਸਾਲ 'ਚ ਕਿਸੇ ਵੀ ਬਿਮਾਰੀ ਨਾਲ ਦਮ ਤੋੜਨ ਵਾਲੇ ਲੋਕਾਂ ਦੇ ਬੱਚਿਆਂ ਨੂੰ ਇਹ ਮਦਦ ਦਿੱਤੀ ਜਾਵੇਗੀ। ਪੜ੍ਹਾਈ ਦੇ ਸਾਰੇ ਖ਼ਰਚੇ ਸੰਘ ਉਠਾਏਗਾ।