ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਖ਼ਿਲਾਫ਼ ਚੌਤਰਫ਼ੀ ਜੰਗ 'ਚ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ। ਹਾਲਾਂਕਿ, ਇਨਫੈਕਟਿਡਾਂ ਦਾ ਅੰਕੜਾ ਵੀ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 'ਚ ਵੀ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਕੋਰੋਨਾ ਨਾਲ ਹੁਣ ਤਕ 60 ਫ਼ੀਸਦੀ ਤੋਂ ਜ਼ਿਆਦਾ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੇ ਹਨ। ਮਰੀਜ਼ਾਂ ਦੇ ਇਲਾਜ ਨਾਲ ਰੁੱਝੇ ਸਿਹਤ ਮੁਲਾਜ਼ਮਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਲਗਾਤਾਰ ਮਾਸਕ ਤੇ ਪੀਪੀਈ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਕੇਂਦਰ ਵੱਲੋਂ ਹੁਣ ਤਕ ਦੋ ਕਰੋੜ ਤੋਂ ਜ਼ਿਆਦਾ ਐੱਨ95 ਮਾਸਕ ਤੇ ਇਕ ਕਰੋੜ ਤੋਂ ਜ਼ਿਆਦਾ ਪੀਪੀਈ ਕਿੱਟਾਂ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਮੁਫਤ ਦਿੱਤੀਆਂ ਜਾ ਚੁੱਕੀਆਂ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ ਰਿਕਾਰਡ 20,903 ਨਵੇਂ ਮਾਮਲੇ ਸਾਹਮਣੇ ਆਏ ਤੇ 379 ਮਰੀਜ਼ਾਂ ਦੀ ਜਾਨ ਗਈ ਹੈ। ਇਸ ਦੇ ਨਾਲ ਹੀ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 6,25,544 ਹੋ ਗਈ ਹੈ ਤੇ 18,213 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਪਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਵੀ ਵੱਧ ਕੇ 60.73 ਫ਼ੀਸਦੀ ਹੋ ਗਈ ਹੈ। ਹੁਣ ਤਕ 3,79,891 ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੇ ਹਨ। ਸਰਗਰਮ ਮਰੀਜ਼ 2,27,439 ਹੀ ਰਹਿ ਗਏ ਹਨ।

ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪਹਿਲੀ ਅਪ੍ਰਰੈਲ 2020 ਤੋਂ ਬਾਅਦ ਹੁਣ ਤਕ ਕੇਂਦਰ ਨੇ ਸੂਬਿਆਂ, ਕੇਂਦਰ ਸ਼ਾਸਿਤ ਸੂਬਿਆਂ ਤੇ ਕੇਂਦਰੀ ਸੰਸਥਾਨਾਂ ਨੂੰ ਮੁਫ਼ਤ 'ਚ 2.02 ਕਰੋੜ ਐੱਨ95 ਮਾਸਕ ਤੇ 1.18 ਕਰੋੜ ਪੀਪੀਈ ਕਿੱਟਾਂ ਵੰਡੀਆਂ ਹਨ। ਇਸ ਤੋਂ ਇਲਾਵਾ 6.12 ਕਰੋੜ ਹਾਈਡ੍ਰੋਕਸੀਕਲੋਰੋਕੁਈਨ (ਐੱਸਸੀਕਿਊ) ਦੀਆਂ ਗੋਲ਼ੀਆਂ ਵੀ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ 11,300 ਦੇਸ਼ ਬਣੇ ਵੈਂਟੀਲੇਟਰ ਭੇਜੇ ਗਏ, ਇਨ੍ਹਾਂ ਵਿਚੋਂ 6,154 ਵੈਂਟੀਲੇਟਰ ਵੱਖ-ਵੱਖ ਹਸਪਤਾਲਾਂ ਨੂੰ ਮਿਲ ਚੁੱਕੇ ਹਨ। ਇਨ੍ਹਾਂ ਨੂੰ ਲਾਉਣ ਦੀ ਵਿਵਸਥਾ ਵੀ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ 1.02 ਲੱਖ ਆਕਸੀਜਨ ਦੇ ਸਿਲੰਡਰ ਵੀ ਦਿੱਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ 72,293 ਸਿਲੰਡਰ ਵੱਖ-ਵੱਖ ਹਸਪਤਾਲਾਂ 'ਚ ਪੁੱਜ ਵੀ ਗਏ ਹਨ।

ਉਥੇ, ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਪੀਟੀਆਈ ਤੇ ਹੋਰ ਸਰੋਤਾਂ ਤੋਂ ਸ਼ੁੱਕਰਵਾਰ ਰਾਤ 10 ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਵੀਰਵਾਰ ਦੇਰ ਰਾਤ ਤੋਂ ਹੁਣ ਤਕ 23,010 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 14,458 ਮਰੀਜ਼ਾਂ ਨੂੰ ਹਸਪਤਾਲੋਂ ਛੁੱਟੀ ਮਿਲੀ ਹੈ। ਇਨ੍ਹਾਂ ਨੂੰ ਰਲਾ ਕੇ ਕੁਲ ਮਾਮਲੇ 6,40,843 ਤੇ ਸਿਹਤਮੰਦ ਹੋਏ ਮਰੀਜ਼ਾਂ ਦੀ ਗਿਣਤੀ 3,92,403 ਹੋ ਗਈ ਹੈ। ਸਰਗਰਮ ਮਾਮਲੇ 2,29,787 ਰਹਿ ਗਏ ਹਨ। ਹੁਣ ਤਕ 18,653 ਲੋਕਾਂ ਦੀ ਜਾਨ ਗਈ। ਸ਼ੁੱਕਰਵਾਰ ਨੂੰ 449 ਲੋਕਾਂ ਦੀ ਜਾਨ ਗਈ, ਜਿਸ 'ਚ ਮਹਾਰਾਸ਼ਟਰ 'ਚ 198, ਤਾਮਿਲਨਾਡੂ 'ਚ 64, ਦਿੱਲੀ 'ਚ 59, ਕਰਨਾਟਕ 'ਚ 21, ਬੰਗਾਲ ਤੇ ਗੁਜਰਾਤ 'ਚ 18-18, ਉੱਤਰ ਪ੍ਰਦੇਸ਼ 'ਚ 14, ਆਂਧਰ ਪ੍ਰਦੇਸ਼ 'ਚ ਅੱਠ, ਰਾਜਸਥਾਨ 'ਚ ਪੰਜ, ਹਰਿਆਣਾ, ਮੱਧ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਚਾਰ-ਚਾਰ, ਓਡੀਸ਼ਾ ਤੇ ਅਸਾਮ 'ਚ ਦੋ-ਦੋ ਤੇ ਪੁਡੂਚੇਰੀ 'ਚ ਇਕ ਮੌਤ ਸ਼ਾਮਲ ਹੈ।

ਮਹਾਰਾਸ਼ਟਰ 'ਚ ਰਿਕਾਰਡ 6,364 ਮਾਮਲੇ

ਮਹਾਰਾਸ਼ਟਰ 'ਚ 6364 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਕਿਸੇ ਸੂਬੇ 'ਚ ਇਕ ਦਿਨ 'ਚ ਸਾਹਮਣੇ ਆਏ ਨਵੇਂ ਮਾਮਲਿਆਂ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ 1,92,990 ਹੋ ਗਈ ਹੈ। ਹੁਣ ਤਕ 8,376 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੌਰਾਨ 3,515 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਵੀ ਮਿਲੀ। ਹੁਣ ਤਕ ਸੂਬੇ 'ਚ ਇਕ ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ।

ਦਿੱਲੀ-ਗੁਜਰਾਤ 'ਚ ਵਧੇ ਮਾਮਲੇ

ਰਾਜਧਾਨੀ ਦਿੱਲੀ ਤੇ ਗੁਜਰਾਤ 'ਚ ਵੀ ਨਵੇਂ ਮਾਮਲੇ ਵੱਧੇ ਹਨ। ਦਿੱਲੀ 'ਚ ਜਿਥੇ 2,520 ਨਵੇਂ ਮਾਮਲੇ ਸਾਹਮਣੇ ਆਏ, ਉਥੇ ਗੁਜਰਾਤ 'ਚ 687 ਨਵੇਂ ਕੇਸ ਮਿਲੇ। ਦਿੱਲੀ 'ਚ ਮਰੀਜ਼ਾਂ ਦੀ ਗਿਣਤੀ 94,695 ਤੇ ਗੁਜਰਾਤ 'ਚ 34,686 ਹੋ ਗਈ ਹੈ। ਦੋਵੇਂ ਸੂਬਿਆਂ 'ਚ ਕ੍ਰਮਵਾਰ 2,923 ਤੇ 1,906 ਲੋਕਾਂ ਦੀ ਜਾਨ ਵੀ ਹੁਣ ਤਕ ਇਸ ਮਹਾਮਾਰੀ ਨਾਲ ਜਾ ਚੁੱਕੀ ਹੈ।

ਤਾਮਿਲਨਾਡੂ 'ਚ ਇਨਫੈਕਟਿਡ ਇਕ ਲੱਖ ਤੋਂ ਪਾਰ

ਤਾਮਿਲਨਾਡੂ ਸਮੇਤ ਦੱਖਣੀ ਭਾਰਤ 'ਚ ਕੋਰੋਨਾ ਨਾਲ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਤਾਮਿਲਨਾਡੂ 'ਚ ਰਿਕਾਰਡ 4,329 ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦਾ ਅੰਕੜਾ ਇਕ ਲੱਖ ਤੋਂ ਪਾਰ ਕਰ ਕੇ 1,02,721 'ਤੇ ਪੁੱਜ ਗਿਆ ਹੈ। ਸੂਬੇ 'ਚ ਹੁਣ ਤਕ 1,385 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਆਂਧਰ ਪ੍ਰਦੇਸ਼ 'ਚ ਵੀ 837 ਨਵੇਂ ਕੇਸ ਮਿਲੇ ਹਨ ਤੇ ਮਰੀਜ਼ਾਂ ਦੀ ਗਿਣਤੀ 16,934 ਹੋ ਗਈ ਹੈ। ਜਦਕਿ, ਕੇਰਲਾ 'ਚ 211 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਇਕ ਦਿਨ 'ਚ ਮਿਲੇ ਨਵੇਂ ਕੇਸਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। 4,964 ਮਰੀਜ਼ ਹੁਣ ਤਕ ਸਾਹਮਣੇ ਆ ਚੁੱਕੇ ਹਨ। ਤੇਲੰਗਾਨਾ 'ਚ ਹੁਣ ਤਕ 18,570 ਤੇ ਕਰਨਾਟਕ 'ਚ 18,019 ਮਰੀਜ਼ ਮਿਲ ਚੁੱਕੇ ਹਨ।

ਉੱਤਰ ਪ੍ਰਦੇਸ਼ 'ਚ ਕਰੀਬ ਇਕ ਹਜ਼ਾਰ ਨਵੇਂ ਮਾਮਲੇ

ਉੱਤਰ ਪ੍ਰਦੇਸ਼ 'ਚ ਵੀ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ ਹਨ। ਸੂਬੇ 'ਚ 972 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਗਿਣਤੀ 25 ਹਜ਼ਾਰ ਨੂੰ ਪਾਰ ਕਰ ਕੇ 25,797 'ਤੇ ਪੁੱਜ ਗਈ ਹੈ। ਇਸੇ ਤਰ੍ਹਾਂ ਰਾਜਸਥਾਨ 'ਚ 123 ਨਵੇਂ ਕੇਸ ਮਿਲੇ ਹਨ ਤੇ ਮਰੀਜ਼ਾਂ ਦੀ ਗਿਣਤੀ ਵੱਧ ਕੇ 18,785 ਹੋ ਗਈ ਹੈ। ਓਡੀਸ਼ਾ 'ਚ 561 ਨਵੇਂ ਮਾਮਲੇ ਮਿਲੇ ਹਨ ਤੇ ਹੁਣ ਤਕ ਸਾਹਮਣੇ ਆਏ ਇਨਫੈਕਟਿਡ ਲੋਕਾਂ ਦੀ ਗਿਣਤੀ 8,106 ਹੋ ਗਈ ਹੈ। ਅਸਾਮ 'ਚ 479 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤਕ 9,434 ਮਰੀਜ਼ ਮਿਲ ਚੁੱਕੇ ਹਨ। ਹਾਲਾਂਕਿ, ਇਨ੍ਹਾਂ ਵਿਚੋਂ ਬਹੁਤ ਸਾਰੇ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸੇ ਤਰ੍ਹਾਂ ਬੰਗਾਲ 'ਚ ਹੁਣ ਤਕ 19,819, ਬਿਹਾਰ 'ਚ 10,910, ਹਰਿਆਣਾ 'ਚ 15,932, ਜੰਮੂ-ਕਸ਼ਮੀਰ 'ਚ 7,849 ਤੇ ਮੱਧ ਪ੍ਰਦੇਸ਼ 'ਚ 14,106 ਇਨਫੈਕਟਿਡ ਮਿਲੇ ਚੁੱਕੇ ਹਨ।