ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਦੇ ਸਫਲ ਉਪਾਵਾਂ, ਜਾਂਚ 'ਚ ਤੇਜ਼ੀ ਤੇ ਬਿਹਤਰ ਇਲਾਜ ਵਿਵਸਥਾ ਦੇ ਨਤੀਜੇ ਵਜੋਂ ਦੇਸ਼ 'ਚ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਜਿਥੇ ਲਗਾਤਾਰ ਵੱਧ ਰਹੀ ਹੈ, ਉਥੇ ਮੌਤ ਦੀ ਦਰ 'ਚ ਗਿਰਾਵਟ ਆ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਕਰੀਬ 70 ਫ਼ੀਸਦੀ ਹੋ ਗਈ ਹੈ, ਜਦਕਿ ਮੌਤ ਦੀ ਦਰ ਦੋ ਫ਼ੀਸਦੀ ਤੋਂ ਵੀ ਹੇਠਾਂ ਆ ਗਈ ਹੈ। ਕੁਲ ਇਨਫੈਕਟਿਡਾਂ ਦੀ ਗਿਣਤੀ 22.50 ਲੱਖ ਨੂੰ ਪਾਰ ਕਰ ਗਈ ਹੈ।

ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 47,746 ਮਰੀਜ਼ ਠੀਕ ਹੋਏ ਤੇ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 15 ਲੱਖ 83 ਹਜ਼ਾਰ 489 ਹੋ ਗਈ ਹੈ। ਇਸ ਦੇ ਨਾਲ ਹੀ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 69.80 ਫ਼ੀਸਦੀ ਹੋ ਗਈ ਹੈ। ਇਸ ਦੌਰਾਨ 53,601 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ ਤੇ ਕੁਲ ਮਰੀਜ਼ਾਂ ਦਾ ਅੰਕੜਾ 22 ਲੱਖ 68 ਹਜ਼ਾਰ 675 'ਤੇ ਪੁੱਜ ਗਿਆ। ਸਰਗਰਮ ਮਾਮਲਿਆਂ ਦੀ ਗਿਣਤੀ ਛੇ ਲੱਖ 39 ਹਜ਼ਾਰ 929 ਹੈ। 871 ਲੋਕਾਂ ਦੀ ਮੌਤ ਹੋਈ ਹੈ ਤੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 45,257 ਹੋ ਗਈ ਹੈ। ਇਨਫੈਕਸ਼ਨ ਨਾਲ ਮੌਤ ਦਰ 1.99 ਫ਼ੀਸਦੀ ਹੋ ਗਈ ਹੈ।

ਉਥੇ, ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੀਟੀਆਈ ਤੇ ਹੋਰ ਸਰੋਤਾਂ ਰਾਹੀਂ ਰਾਤ ਅੱਠ ਵਜੇ ਤਕ ਮਿਲੀਆਂ ਸੂਚਨਾਵਾਂ ਮੁਤਾਬਕ ਸੋਮਵਾਰ ਦੇਰ ਰਾਤ ਤੋਂ ਹੁਣ ਤਕ 34,035 ਨਵੇਂ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 22 ਲੱਖ 95 ਹਜ਼ਾਰ 576 ਹੋ ਗਈ ਹੈ। ਇਸ ਦੌਰਾਨ 29,071 ਲੋਕ ਠੀਕ ਹੋਏ ਹਨ ਤੇ ਇਨ੍ਹਾਂ ਦੀ ਗਿਣਤੀ ਵੱਧ ਕੇ 16 ਲੱਖ ਤਿੰਨ ਹਜ਼ਾਰ 217 ਹੋ ਗਈ ਹੈ। ਸਰਗਰਮ ਮਾਮਲੇ ਛੇ ਲੱਖ 46 ਹਜ਼ਾਰ 745 ਰਹਿ ਗਏ ਹਨ। ਇਸ ਮਹਾਮਾਰੀ ਨਾਲ ਹੁਣ ਤਕ 45,614 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰ ਨੂੰ ਮਿਲਣ ਵਾਲੀਆਂ ਸੂਚਨਾਵਾਂ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।

ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 256 ਮੌਤਾਂ

ਮੰਗਲਵਾਰ ਨੂੰ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 256 ਲੋਕਾਂ ਦੀ ਮੌਤ ਹੋਈ। ਇਸ ਤੋਂ ਇਲਾਵਾ ਤਾਮਿਲਨਾਡੂ 'ਚ 118, ਆਂਧਰ ਪ੍ਰਦੇਸ਼ 'ਚ 87, ਕਰਨਾਟਕ 'ਚ 86, ਬੰਗਾਲ 'ਚ 51, ਤੇਲੰਗਾਨਾ 'ਚ ਅੱਠ ਤੇ ਕੇਰਲ 'ਚ ਪੰਜ ਮੌਤਾਂ ਹੋਈਆਂ ਹਨ।

ਜ਼ਿਆਦਾ ਮਾਮਲਿਆਂ ਤੋਂ ਡਰਨ ਦੀ ਲੋੜ ਨਹੀਂ : ਭੂਸ਼ਣ

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਰੋਜ਼ਾਨਾ ਵੱਡੀ ਗਿਣਤੀ 'ਚ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਸੂਬਿਆਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ 31 ਮਾਰਚ ਨੂੰ 88.83 ਫ਼ੀਸਦੀ ਸਰਗਰਮ ਮਾਮਲਿਆਂ ਦੀ ਤੁਲਨਾ 'ਚ ਇਸ ਸਮੇਂ ਇਨ੍ਹਾਂ ਦੀ ਗਿਣਤੀ 28.21 ਫ਼ੀਸਦੀ ਰਹਿ ਗਈ ਹੈ। ਇਨ੍ਹਾਂ ਵਿਚੋਂ ਇਕ ਫ਼ੀਸਦੀ ਤੋਂ ਵੀ ਘੱਟ ਮਰੀਜ਼ ਵੈਂਟੀਲੇਟਰ 'ਤੇ ਹਨ, ਜਦਕਿ ਤਿੰਨ ਫ਼ੀਸਦੀ ਤੋਂ ਘੱਟ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਆਈਸੀਯੂ 'ਚ ਚਾਰ ਫ਼ੀਸਦੀ ਤੋਂ ਘੱਟ ਮਰੀਜ਼ ਹੈ।