ਜਾਸ, ਰੋਹਤਕ : ਬਰਸੀ ਨਗਰ ’ਚ ਕਲੀਨਿਕ ਮਾਲਿਕ ਤੇ ਉਸ ਦੀ ਪਤਨੀ ਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਕਾਨ ਦੇ ਅੰਦਰ ਪਈਆਂ ਮਿਲੀਆਂ। ਪਤਨੀ ਤੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬੈੱਡ ’ਤੇ ਮਿਲੀਆਂ। ਉਨ੍ਹਾਂ ਦਾ ਗਲ਼ਾ ਵੱਢਿਆ ਗਿਆ ਸੀ ਜਦਕਿ ਕਲੀਨਿਕ ਮਾਲਿਕ ਦੀ ਲਾਸ਼ ਦੂਜੇ ਕਮਰੇ ’ਚ ਸੋਫੇ ’ਤੇ ਪਈ ਸੀ। ਮੌਕੇ ’ਤੇ ਨਸ਼ੇ ਤੇ ਦਰਦ ਦੀ ਦਵਾਈ, ਚਾਕੂ ਤੇ ਸੁਸਾਇਡ ਨੋਟ ਮਿਲਿਆ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਲੀਨਿਕ ਮਾਲਿਕ ਨੇ ਪਤਨੀ ਤੇ ਦੋਵਾਂ ਬੱਚਿਆਂ ਦੀ ਹੱਤਿਆ ਕਰ ਕੇ ਖ਼ੁਦਕੁਸ਼ੀ ਕਰ ਲਈ।

ਮੂਲ ਰੂਪ ਤੋਂ ਜੀਂਦ ਜ਼ਿਲ੍ਹੇ ਦੇ ਕਿਲ੍ਹਾ ਜ਼ਫਰਗੜ੍ਹ ਪਿੰਡ ਦਾ ਰਹਿਣ ਵਾਲਾ ਡਾ. ਵਿਨੋਦ (35) ਰੋਹਤਕ ਦੇ ਲਾੜ੍ਹੌਤ ਰੋਡ ’ਤੇ ਕਲੀਨਿਕ ਚਲਾਉਂਦਾ ਸੀ। ਬਰਸੀ ਨਗਰ ’ਚ ਕਰੀਬ ਚਾਰ ਸਾਲ ਪਹਿਲਾਂ ਮਕਾਨ ਬਣਾਇਆ ਸੀ। ਉਹ ਪਤਨੀ ਸੋਨੀਆ (30), ਬੇਟੀ ਯੁਵਿਕਾ (6) ਤੇ ਬੇਟੇ ਅੰਸ਼ (5) ਨਾਲ ਰਹਿੰਦਾ ਸੀ। ਮੰਗਲਵਾਰ ਨੂੰ ਸੋਨੀਆ ਦੀ ਦਰਾਣੀ ਨੇ ਪਿੰਡ ਤੋਂ ਫੋਨ ਕੀਤਾ। ਉਸ ਨੇ ਫੋਨ ਰਿਸੀਵ ਨਹੀਂ ਕੀਤਾ। ਉਦੋਂ ਦਰਾਣੀ ਨੇ ਪਤੀ ਸੋਨੂੰ ਨੂੰ ਫੋਨ ’ਤੇ ਦੱਸਿਆ ਕਿ ਉਹ ਜਾ ਕੇ ਦੇਖਣ। ਸੋਨੂੰ ਰੋਹਤਕ ਦੀ ਇਕ ਫੈਕਟਰੀ ’ਚ ਨੌਕਰੀ ਕਰਦਾ ਹੈ।

ਸ਼ਾਮ ਕਰੀਬ ਸਾਢੇ ਪੰਜ ਵਜੇ ਉਹ ਵਿਨੋਦ ਦੇ ਮਕਾਨ ’ਚ ਪਹੁੰਚਿਆ। ਅੰਦਰੋਂ ਕੁੰਡੀ ਲੱਗੀ ਸੀ। ਕੁੰਡੀ ਤੋੜ ਕੇ ਅੰਦਰ ਗਏ ਤਾਂ ਬੈੱਡ ’ਤੇ ਸੋਨੀਆ, ਯੁਵਿਕਾ ਤੇ ਅੰਸ਼ ਦੀ ਲਾਸ਼ ਖੂਨ ਨਾਲ ਲੱਥਪਥ ਪਈ ਸੀ। ਦੂਜੇ ਕਮਰੇ ’ਚ ਡਾ. ਵਿਨੋਦ ਦੀ ਲਾਸ਼ ਸੋਫੇ ’ਤੇ ਪਈ ਸੀ। ਮਕਾਨ ਦੀ ਗੈਲਰੀ ’ਚ ਰੱਸੀ ਵੀ ਲਟਕੀ ਮਿਲੀ, ਜਿਹੜੀ ਵਿਚੋਂ ਕੱਟੀ ਹੋਈ ਸੀ ਤੇ ਫਾਹਾ ਲੱਗਾ ਹੋਇਆ ਸੀ। ਪੁਲਿਸ ਮੁਤਾਬਕ, ਹੱਤਿਆ ਤੋਂ ਬਾਅਦ ਵਿਨੋਦ ਨੇ ਖ਼ੁਦ ਫਾਂਸੀ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਸ਼ਰਾਬ ਦੀ ਵਰਤੋਂ ਜਾਂ ਫਿਰ ਕੋਈ ਸਰਿੰਜ ਲਗਾਈ, ਜਿਸ ਨਾਲ ਉਸ ਦੀ ਮੌਤ ਹੋ ਗਈ।

Posted By: Jagjit Singh