ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਖ਼ਿਲਾਫ਼ ਲੜਾਈ ’ਚ ਹਾਲਾਤ ਬਿਹਤਰ ਹੁੰਦੇ ਨਜ਼ਰ ਆ ਰਹੇ ਹਨ। 183 ਦਿਨਾਂ ਬਾਅਦ ਸਰਗਰਮ ਮਾਮਲਿਆਂ ਦੀ ਗਿਣਤੀ ਸਭ ਤੋਂ ਘੱਟ 318181 ’ਤੇ ਆ ਗਈ ਹੈ, ਜੋ ਕੁੱਲ ਮਾਮਲਿਆਂ ਦਾ 0.95 ਫ਼ੀਸਦੀ ਹੈ। ਪਿਛਲੇ ਸਾਲ ਮਾਰਚ ਤੋਂ ਬਾਅਦ ਪਹਿਲੀ ਵਾਰ ਸਰਗਰਮ ਮਾਮਲੇ ਇਕ ਫ਼ੀਸਦੀ ਤੋਂ ਹੇਠਾਂ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲਿਆਂ ’ਚ 13977 ਦੀ ਗਿਰਾਵਟ ਦਰਜ ਕੀਤੀ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ ਦਿਨ 30 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ ਹਨ, ਲਗਪਗ 44 ਹਜ਼ਾਰ ਮਰੀਜ਼ ਠੀਕ ਹੋਏ ਹਨ ਤੇ 295 ਹੋਰ ਮਰੀਜ਼ਾਂ ਦੀ ਜਾਨ ਗਈ ਹੈ। ਇਨ੍ਹਾਂ ’ਚੋਂ ਸਿਰਫ ਕੇਰਲ ਤੋਂ ਹੀ ਸਾਢੇ 19 ਹਜ਼ਾਰ ਤੋਂ ਵੱਧ ਮਾਮਲੇ ਹਨ ਤੇ 152 ਮੌਤਾਂ ਹਨ। ਮਰੀਜ਼ਾਂ ਦੀ ਠੀਕ ਹੋਣ ਦੀ ਦਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਰੋਜ਼ਾਨਾ ਦੀ ਇਨਫੈਕਸ਼ਨ ਦਰ 21 ਦਿਨਾਂ ਤੋਂ ਹਫ਼ਤਾਵਾਰੀ ਇਨਫੈਕਸ਼ਨ ਦਰ 87 ਦਿਨਾਂ ਤੋਂ ਤਿੰਨ ਫ਼ੀਸਦੀ ਤੋਂ ਹੇਠਾਂ ਬਣੀ ਹੋਈ ਹੈ।

ਇਕ ਮਹੀਨੇ ਬਾਅਦ ਇਕ ਦਿਨ ’ਚ ਸਭ ਤੋਂ ਘੱਟ ਜਾਂਚ

ਛੇ ਮਹੀਨਿਆਂ ’ਚ ਜਿੱਥੇ ਸਭ ਤੋਂ ਘੱਟ ਸਰਗਰਮ ਮਾਮਲੇ ਮਿਲੇ ਹਨ, ਉੱਥੇ ਇਕ ਮਹੀਨੇ ’ਚ ਸਭ ਤੋਂ ਘੱਟ ਸੈਂਪਲਾਂ ਦੀ ਜਾਂਚ ਹੋਈ ਹੈ। ਐਤਵਾਰ ਨੂੰ ਸਿਰਫ 11.80 ਲੱਖ ਸੈਂਪਲਾਂ ਦੀ ਹੀ ਜਾਂਚ ਹੋਈ ਜਦੋਂਕਿ ਰੋਜ਼ਾਨਾ 20 ਲੱਖ ਤੋਂ ਜ਼ਿਆਦਾ ਜਾਂਚ ਕਰਨ ਦੀ ਸਮਰੱਥਾ ਹੈ। ਇਸ ਤੋਂ ਇਕ ਦਿਨ ਪਹਿਲਾਂ 15.60 ਲੱਖ ਸੈਂਪਲਾਂ ਦੀ ਜਾਂਚ ਹੋਈ ਸੀ।

ਹੁਣ ਤਕ 81.49 ਕੋਰੋਨਾ ਰੋਕੂ ਟੀਕੇ ਲਗਾਏ ਗਏ

ਕੋਵਿਨ ਪੋਰਟਲ ਦੇ ਅੰਕੜਿਆਂ ਮੁਤਾਬਕ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ 81.49 ਕਰੋੜ ਤੋਂ ਜ਼ਿਆਦਾ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਸਨ। ਇਨ੍ਹਾਂ ’ਚ 60.82 ਕਰੋੜ ਪਹਿਲੀ ਡੋਜ਼ ਤੇ 20.67 ਕਰੋੜ ਦੂਜੀ ਡੋਜ਼ ਸ਼ਾਮਲ ਸ਼ਾਮਲ ਹੈ। ਸੋਮਵਾਰ ਨੂੰ ਸ਼ਾਮ ਪੌਣੇ ਛੇ ਵਜੇ ਤਕ 86.74 ਲੱਖ ਟੀਕੇ ਲਗਾਏ ਗਏ ਸਨ। ਟੀਕਾਕਰਨ ਦੀ ਰਫ਼ਤਾਰ ਤੇਜ਼ ਬਣੀ ਹੋਈ ਹੈ ਤੇ ਲਗਪਗ 72 ਹਜ਼ਾਰ ਕੇਂਦਰਾਂ ’ਤੇ ਟੀਕੇ ਲਗਾਏ ਜਾ ਰਹੇ ਹਨ।

Posted By: Jatinder Singh