ਜੇਐੱਨਐੱਨ, ਸਿਰਸਾ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਸੁਨਾਰੀਆ ਜੇਲ੍ਹ ਤੋਂ ਆਪਣੀ ਮਾਂ, ਡੇਰਾ ਪ੍ਰਬੰਧਨ ਤੇ ਡੇਰਾ ਪ੍ਰੇਮੀਆਂ ਦੇ ਨਾਂ ਇਕ ਚਿੱਠੀ ਲਿਖੀ ਹੈ। ਐਤਵਾਰ ਨੂੰ ਡੇਰੇ 'ਚ ਸਤਿਸੰਗ ਪ੍ਰੋਗਰਾਮ ਦੌਰਾਨ ਡੇਰਾ ਮੁਖੀ ਦੀ ਚਿੱਠੀ ਪੜ੍ਹ ਕੇ ਸੁਣਾਈ ਗਈ। ਚਿੱਠੀ 'ਚ ਡੇਰਾ ਮੁਖੀ ਨੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦਾ ਜ਼ਿਕਰ ਕੀਤਾ।

ਡੇਰਾ ਮੁਖੀ ਨੇ ਲਿਖਿਆ ਕਿ ਅਸੀਂ ਸਤਿਗੁਰੂ ਰਾਮ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਅੰਨਦਾਤਾ ਤੇ ਦੇਸ਼ ਦੇ ਰਾਜਾ ਵਿਚਾਲੇ ਜੋ ਵਿਵਾਦ ਚੱਲ ਰਿਹਾ ਹੈ, ਪ੍ਰਭੂ ਤੁਹਾਨੂੰ ਦੋਵਾਂ ਨੂੰ ਰਸਤਾ ਦਿਖਾਏ ਤਾਂਕਿ ਦੇਸ਼, ਜੋ ਕਿ ਅਜੇ ਵੀ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ, ਉਹ ਤਰੱਕੀ ਦੇ ਰਸਤੇ 'ਤੇ ਇਕਜੁੱਟ ਹੋ ਕੇ ਅੱਗੇ ਵਧੇ। ਦੇਸ਼ ਤੇ ਸੰਸਾਰ 'ਚ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੇ ਦਰਵਾਜ਼ੇ ਖੁੱਲ੍ਹ ਜਾਣ। ਬਾਕੀ ਪ੍ਰਭੂ ਉਸੇ 'ਚ ਖ਼ੁਸ਼ ਰੱਖਣਾ, ਜਿਸ 'ਚ ਤੇਰੀ ਰਜ਼ਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੇਰੇ 'ਚ ਹੋਣ ਵਾਲੇ ਸਤਿਸੰਗ ਪ੍ਰੋਗਰਾਮਾਂ ਦੌਰਾਨ ਡੇਰਾ ਮੁਖੀ ਗੁਰਮੀਤ ਸਿੰਘ ਵੱਲੋਂ ਲਿਖੀ ਚਿੱਠੀ ਪੜ੍ਹ ਕੇ ਡੇਰਾ ਪ੍ਰੇਮੀਆਂ ਨੂੰ ਸੁਣਾਈ ਜਾਂਦੀ ਹੈ। ਐਤਵਾਰ ਨੂੰ ਸਤਿਸੰਗ ਤੋਂ ਬਾਅਦ ਇਹ ਚਿੱਠੀ ਇੰਟਰਨੈੱਟ ਮੀਡੀਆ 'ਤੇ ਖ਼ੂਬ ਵਾਇਰਲ ਹੋਈ।

ਡੇਰਾ ਮੁਖੀ ਵੱਲੋਂ ਭੇਜੀ ਗਈ ਚਿੱਠੀ 'ਤੇ ਜੇਲ੍ਹ ਪ੍ਰਸ਼ਾਸਨ ਦੀ 26 ਫਰਵਰੀ ਦੀ ਮੋਹਰ ਲੱਗੀ ਹੋਈ ਹੈ। ਚਿੱਠੀ 'ਚ ਡੇਰਾ ਮੁਖੀ ਨੇ ਆਪਣੀ ਮਾਂ ਨੂੰ ਸਮੇਂ 'ਤੇ ਦਵਾਈਆਂ ਲੈਂਦੇ ਰਹਿਣ ਦੀ ਸਲਾਹ ਦਿੰਦੇ ਹੋਏ ਲਿਖਿਆ ਕਿ ਅਸੀਂ ਜਲਦੀ ਆ ਕੇ ਤੁਹਾਡਾ ਇਲਾਜ ਜ਼ਰੂਰ ਕਰਵਾਂਗੇ। ਡੇਰਾ ਮੁਖੀ ਨੇ ਲਿਖਿਆ ਕਿ ਸਤਿਗੁਰੂ ਰਾਮ ਜੋ ਵੀ ਕਰਦੇ ਹਨ, 100 ਫ਼ੀਸਦੀ ਠੀਕ ਕਰਦੇ ਹਨ, ਕਰਨਗੇ ਵੀ 100 ਫ਼ੀਸਦੀ ਠੀਕ। ਡੇਰਾ ਪ੍ਰੇਮੀਆਂ ਨੂੰ ਘਰ ਦੇ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣ ਦੀ ਵੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਦੀ ਸੁੱਖ-ਸ਼ਾਂਤੀ ਲਈ ਇਕ ਦਿਨ ਦਾ ਵਰਤ ਰੱਖਣ ਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਦੇਣ ਲਈ ਲਿਖਿਆ ਹੈ।

ਜ਼ਿਕਰਯੋਗ ਹੈ ਕਿ ਜਬਰ ਜਨਾਹ ਅਤੇ ਕਤਲ ਮਾਮਲੇ ’ਚ ਡੇਰਾ ਮੁਖੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਹਨ।