ਨਦਿਆ: ਪੱਛਮੀ ਬੰਗਾਲ 'ਚ ਜੈ ਸ਼੍ਰੀ ਰਾਮ 'ਤੇ ਜਾਰੀ ਵਿਵਾਦ ਤੇ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਲੜੀ 'ਚ ਜੈ ਸ੍ਰੀ ਰਾਮ ਨਾਅਰਾ ਲਗਾਉਣ 'ਤੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਕਿ ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਨਦੀਆ ਜ਼ਿਲ੍ਹੇ ਦੇ ਨਵਦੀਪ ਥਾਣਾ ਅਧੀਨ ਇਲਾਕੇ ਸਵਰੂਪਗੰਜ ਇਲਾਕੇ ਦੀ ਹੈ। ਮ੍ਰਿਤਕ ਨੌਜਵਾਨ ਦੀ ਪਛਣਾ ਕ੍ਰਿਸ਼ਣ ਦੇਵਨਾਥ (32) ਦੇ ਰੂਪ 'ਚ ਹੋਈ ਹੈ। ਉਹ ਚੇਨਈ ਦੇ ਇਕ ਮਸ਼ਹੂਰ ਹੋਟਲ 'ਚ ਸ਼ੈਫ ਸੀ। ਉਹ ਛੁੱਟੀ 'ਤੇ ਬੁੱਧਵਾਰ ਨੂੰ ਹੀ ਘਰ ਆਇਆ ਸੀ। ਮੌਤ ਤੋਂ ਬਾਅਦ ਇਲਾਕੇ 'ਚ ਸਿਆਸੀ ਪਾਰਾ ਵੱਧ ਗਿਆ ਹੈ।

ਸ਼ਨਿਚਰਵਾਰ ਨੂੰ ਮ੍ਰਿਤਕ ਦੀ ਲਾਸ਼ ਨਾਲ ਭਾਜਪਾ ਦੇ ਵਰਕਰਾਂ ਨੇ ਫਕੀਰਤਲਾ ਦੇ ਨਵਦੀਪ ਰੋਡ ਨੂੰ ਜਾਮ ਕਰ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਮੌਕੇ 'ਤੇ ਪਹੁੰਚੀ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿਵਾਇਆ ਜਿਸ ਮਗਰੋਂ ਭਾਜਪਾ ਵਰਕਰ ਉੱਥੋਂ ਹਟ ਗਏ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਡੇਢ ਸਾਲ ਬਾਅਦ ਚੇਨਈ ਤੋਂ ਘਰ ਵਾਪਸ ਆਇਆ ਸੀ। ਉਸ ਰਾਤ ਆਪਣੇ ਰਿਸ਼ਤੇਦਾਰ ਨਾਲ ਉਹ ਘਰ ਬਾਹਰ ਸ਼ਰਾਬ ਪੀ ਰਿਹਾ ਸੀ। ਨਸ਼ੇ ਦੀ ਹਾਲਤ 'ਚ ਉਹ ਬੇਕਾਬੂ ਹੋ ਗਿਆ ਤੇ ਕੁਝ ਨੌਜਵਾਨਾਂ ਨਾਲ ਉਸ ਦਾ ਵਿਵਾਦ ਹੋ ਗਿਆ। ਕੁਝ ਦੇਰ ਬਾਅਦ ਸਥਾਨਕ ਲੋਕ ਉਸ ਨੂੰ ਤ੍ਰਿਣਮੂਲ ਕਲੱਬ 'ਚ ਲੈ ਗਏ। ਦੋਸ਼ ਹਨ ਕਿ ਉੱਥੇ ਉਸ ਨੂੰ ਬੁਰੀ ਤਰ੍ਹਾਂ ਕੱਟਿਆ ਗਿਆ। ਕਲੱਬ ਤੋ ਥੋੜ੍ਹੀ ਦੂਰੀ 'ਤੇ ਉਹ ਖ਼ੂਨ ਨਾਲ ਲਿੱਬੜਿਆ ਮਿਲਿਆ। ਜਿਸ ਤੋਂ ਬਾਅਦ ਉਸ ਨੂੰ ਸ਼ਕਤੀਨਗਰ ਹਸਪਤਾਲ ਲਿਜਾਇਆ ਗਿਆ। ਉੱਥੇ ਉਸ ਨੂੰ ਨੀਲਰਤਨ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਵੀਰਵਾਰ ਜ਼ੇਰੇ ਇਲਾਜ ਉਸ ਨੇ ਦਮ ਤੌੜ ਦਿੱਤਾ। ਪੁਲਿਸ ਨੇ ਇੰਦਰਜੀਤ ਦੇਵਨਾਥ, ਗੋਵਿੰਦ ਦੇਵਨਾਥ ਤੇ ਸ਼ੰਕਰ ਦੇਵਨਾਥ ਖ਼ਿਲਾਫ਼ ਨਵਦੀਪ ਥਾਣੇ 'ਚ ਮਾਮਲਾ ਦਰਜ ਕੀਤਾ। ਪੁਲਿਸ ਨੇ ਮਾਮਲੇ ਨੂੰ ਗੈਰ ਸਿਆਸੀ ਦੱਸਿਆ ਹੈ।

Posted By: Akash Deep