ਜੇਐੱਨਐੱਨ, ਮੁੰਬਈ : ਵਪਾਰੀ ਮੁਕੇਸ਼ ਅੰਬਾਨੀ ਦੇ ਆਲੀਸ਼ਾਨ ਘਰ ਐਂਟੀਲੀਆ ਕੋਲ ਵਿਸਫੋਟਕ ਨਾਲ ਲੱਦੀ ਸਕਾਰਪੀਓ ਨਾਲ ਦਿਸੀ ਇਨੋਵਾ ਕਾਰ ਮੁੰਬਈ ਤੋਂ ਬਾਹਰ ਨਿਕਲ ਗਈ ਹੈ। ਮੁੰਬਈ ਤੋਂ ਠਾਣੇ ਦੀ ਹੱਦ 'ਚ ਦਾਖ਼ਲ ਹੁੰਦੇ ਹੋਏ ਇਨੋਵਾ ਇਕ ਟੋਲ ਪਲਾਜ਼ਾ 'ਤੇ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ।

ਅੰਬਾਨੀ ਦੇ ਘਰ ਕੋਲ ਵੀਰਵਾਰ ਤੜਕੇ ਸਕਾਰਪੀਓ ਲਵਾਰਿਸ ਹਾਲਤ 'ਚ ਮਿਲੀ ਸੀ। ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ 'ਚ ਨਜ਼ਰ ਆ ਰਿਹਾ ਹੈ ਕਿ ਸਕਾਰਪੀਓ ਦੇ ਨਾਲ ਚਿੱਟੇ ਰੰਗ ਦੀ ਇਨੋਵਾ ਵੀ ਉਥੇ ਆਈ ਸੀ। ਸਕਾਰਪੀਓ ਦਾ ਚਾਲਕ ਇਨੋਵਾ 'ਚ ਹੀ ਉਥੋਂ ਗਿਆ ਸੀ। ਉਸ ਤੋਂ ਕੁਝ ਸਮੇਂ ਬਾਅਦ ਤਚੜਕੇ ਤਿੰਨ ਵਜੇ ਦੇ ਕਰੀਬ ਇਨੋਵਾ ਠਾਣੇ-ਮੁਲੁੰਡ ਟੋਲ ਪਲਾਜ਼ਾ 'ਤੇ ਸੀਸੀਟੀਵੀ 'ਚ ਕੈਦ ਹੋਈ ਹੈ। ਇਸ ਤੋਂ ਬਾਅਦ ਦਾ ਇਸ ਗੱਡੀ ਦਾ ਕੋਈ ਸੁਰਾਗ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਫੁਟੇਜ 'ਚ ਚਾਲਕ ਵਾਲੀ ਸੀਟ 'ਤੇ ਟੋਲ ਦੇਣ ਮੌਕੇ ਇਕ ਵਿਅਕਤੀ ਨਜ਼ਰ ਆਉਂਦਾ ਹੈ। ਅਜੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਸਕਾਰਪੀਓ ਦੇ ਚਾਲਕ ਦੀ ਵੀ ਪਛਾਣ ਨਹੀਂ ਹੋ ਸਕੀ ਹੈ, ਕਿਉਂਕਿ ਉਸ ਨੇ ਮਾਸਕ ਪਹਿਨਿਆ ਹੋਇਆ ਸੀ। 27 ਮੰਜਲਾ ਐਂਟੀਲੀਆ ਕੋਲ ਮਿਲੀ ਸਕਾਰਪੀਓ 'ਚ ਜਿਲੇਟੀਨ ਦੀ ਢਾਈ ਕਿੱਲੋਗ੍ਰਾਮ ਛੜਾਂ, ਕੁਝ ਡਿਟੋਨੇਟਰ ਤੇ ਪੱਤਰ ਵੀ ਮਿਲਿਆ ਸੀ। ਪੱਤਰ 'ਚ ਅੰਬਾਨੀ ਪਰਿਵਾਰ ਨੂੰ ਧਮਕੀ ਦਿੱਤੀ ਗਈ ਸੀ। ਮੁੰਬਈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਜਿਲੇਟੀਨ ਦੀਆਂ ਛੜਾਂ ਕਿੱਥੋਂ ਖਰੀਦੀਆਂ ਗਈਆਂ ਸਨ। ਸਕਾਰਪੀਓ ਗੱਡੀ ਵੀ ਇਕ ਹਫਤੇ ਪਹਿਲਾਂ ਮੁਲੁੰਡ 'ਚੋਂ ਚੋਰੀ ਕੀਤੀ ਗਈ ਸੀ। ਪੁਲਿਸ ਨੇ ਗੱਡੀ ਨੂੰ ਫਾਰੈਂਸਿਕ ਜਾਂਚ ਲਈ ਭੇਜ ਦਿੱਤੀ ਹੈ।

Posted By: Susheel Khanna