ਸਟੇਟ ਬਿਊਰੋ, ਅਹਿਮਦਾਬਾਦ : ਯੂਨੈਸਕੋ ਨੇ ਗੁਜਰਾਤ 'ਚ ਸਥਿਤ ਹੜੱਪਾਕਾਲੀਨ ਸ਼ਹਿਰ ਧੌਲਾਵੀਰਾ ਨੂੰ ਮੰਗਲਵਾਰ ਨੂੰ ਵਿਸ਼ਵ ਵਿਰਾਸਤ ਦੀ ਸੂਚੀ 'ਚ ਸ਼ਾਮਲ ਕਰ ਲਿਆ ਹੈ। ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਨੇ ਟਵੀਟ ਰਾਹੀਂ ਖ਼ੁਦ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ 13ਵੀਂ ਸਦੀ 'ਚ ਬਣੇ ਤੇਲੰਗਾਨਾ ਦੇ ਰਾਮੱਪਾ ਮੰਦਰ ਨੂੰ ਐਤਵਾਰ ਨੂੰ ਵਿਸ਼ਵ ਵਿਰਾਸਤ 'ਚ ਸ਼ਾਮਲ ਕੀਤਾ ਜਾ ਚੁੱਕਾ ਹੈ।

ਅਹਿਮਦਾਬਾਦ ਤੋਂ ਕਰੀਬ 350 ਕਿਲੋਮੀਟਰ ਦੂਰ ਭਚਾਊ (ਕੱਛ) ਦੇ ਨਜ਼ਦੀਕ ਖਡੀਰ ਬੇਟ 'ਚ ਸਥਿਤ ਧੌਲਾਵੀਰਾ ਪੰਜ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੀ ਸੱਭਿਅਤਾ ਦੇ ਪਥਰਾਟ ਹਨ। ਪੱਥਰਾਂ ਨੂੰ ਤਰਾਸ਼ ਕੇ ਬਣਾਇਆ ਗਿਆ ਕਿਲਾਨੁਮਾ ਭਵਨ, ਅਧਿਕਾਰੀ ਤੇ ਸਭਾ ਮੈਂਬਰਾਂ ਦੇ ਵਿਸ਼ੇਸ਼ ਕਮਰੇ, ਇਸ਼ਨਾਨ ਘਰ ਤੇ ਪਖਾਨੇ ਆਦਿ ਦੇ ਪਥਰਾਟ ਦੱਸਦੇ ਹਨ ਕਿ ਤਤਕਾਲੀ ਸੱਭਿਅਤਾ ਕਿੰਨੀ ਉੱਨਤ ਸੀ। ਮੁੱਖ ਮੰਤਰੀ ਵਿਜੇ ਰੂਪਾਣੀ ਨੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਣਉਤਸਵ ਰਾਹੀਂ ਕੱਛ ਨੂੰ ਵਿਸ਼ਵ ਮੰਚ 'ਤੇ ਲਿਆਉਂਦੇ ਹੋਏ ਸੱਭਿਆਚਾਰ ਤੇ ਵਿਰਾਸਤ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ। ਇਸੇ ਕਾਰਨ ਹੀ ਅੱਜ ਯੂਨੈਸਕੋ ਨੇ ਧੌਲਾਵੀਰਾ ਨੂੰ ਵਿਸ਼ਵ ਵਿਰਾਸਤ 'ਚ ਸ਼ਾਮਲ ਕੀਤਾ ਹੈ।