ਇਕੋ ਝਟਕੇ 'ਚ ਉਜੜ ਗਈਆਂ ਗ਼ਰੀਬ ਕਿਸਾਨ ਦੀਆਂ ਖ਼ੁਸ਼ੀਆਂ, ਗੈਸ ਸਿਲੰਡਰ ਲੀਕ ਹੋਣ ਕਾਰਨ ਹੋਇਆ ਧਮਾਕਾ; ਧੀ ਦੇ ਵਿਆਹ ਦਾ ਦਾਜ ਤੇ ਲੱਖਾਂ ਦੀ ਨਕਦੀ ਸੜ ਕੇ ਸੁਆਹ
ਸ਼ਹਿਰ ਦੇ ਵਾਰਡ ਨੰਬਰ-6 ਸਥਿਤ ਮੋਚੀ ਰੋਡ ਦੇ ਕੰਬੋਜ ਮੁਹੱਲੇ 'ਚ ਬੁੱਧਵਾਰ ਤੜਕੇ ਗੈਸ ਸਿਲੰਡਰ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਘਰ 'ਚ ਰੱਖਿਆ ਧੀ ਦੇ ਵਿਆਹ ਦੇ ਦਾਜ ਦਾ ਸਾਮਾਨ, ਕਰੀਬ 80 ਹਜ਼ਾਰ ਰੁਪਏ ਦੀ ਨਕਦੀ, ਇਲੈਕਟ੍ਰਾਨਿਕ ਉਪਕਰਨ ਅਤੇ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਲਪੇਟ 'ਚ ਆਉਣ ਕਾਰਨ ਘਰ ਦੇ ਮੁਖੀ ਕਾਲਾਰਾਮ ਕੰਬੋਜ ਅਤੇ ਉਸਦੀ 18 ਸਾਲਾ ਧੀ ਮਮਤਾ ਵੀ ਝੁਲਸ ਗਏ। ਦੋਵਾਂ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਹੈ।
Publish Date: Tue, 09 Jun 2026 11:36 AM (IST)
Updated Date: Tue, 09 Jun 2026 11:37 AM (IST)

ਜਾਗਰਣ ਸੰਵਾਦਦਾਤਾ, ਫ਼ਤਿਹਾਬਾਦ : ਸ਼ਹਿਰ ਦੇ ਵਾਰਡ ਨੰਬਰ-6 ਸਥਿਤ ਮੋਚੀ ਰੋਡ ਦੇ ਕੰਬੋਜ ਮੁਹੱਲੇ 'ਚ ਬੁੱਧਵਾਰ ਤੜਕੇ ਗੈਸ ਸਿਲੰਡਰ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਘਰ 'ਚ ਰੱਖਿਆ ਧੀ ਦੇ ਵਿਆਹ ਦੇ ਦਾਜ ਦਾ ਸਾਮਾਨ, ਕਰੀਬ 80 ਹਜ਼ਾਰ ਰੁਪਏ ਦੀ ਨਕਦੀ, ਇਲੈਕਟ੍ਰਾਨਿਕ ਉਪਕਰਨ ਅਤੇ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਲਪੇਟ 'ਚ ਆਉਣ ਕਾਰਨ ਘਰ ਦੇ ਮੁਖੀ ਕਾਲਾਰਾਮ ਕੰਬੋਜ ਅਤੇ ਉਸਦੀ 18 ਸਾਲਾ ਧੀ ਮਮਤਾ ਵੀ ਝੁਲਸ ਗਏ। ਦੋਵਾਂ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ, ਕਾਲਾਰਾਮ ਕੰਬੋਜ ਠੇਕੇ 'ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਦਾ ਹੈ। ਪਰਿਵਾਰ ਨੇ ਹਾਲ ਹੀ 'ਚ ਕਣਕ ਦੀ ਫ਼ਸਲ ਦਾ ਹਿਸਾਬ ਹੋਣ ਤੋਂ ਬਾਅਦ ਕੁਝ ਪੈਸੇ ਇਕੱਠੇ ਕੀਤੇ ਸਨ। ਧੀ ਦੇ ਵਿਆਹ ਦੀਆਂ ਤਿਆਰੀਆਂ ਲਈ ਦਾਜ ਦਾ ਸਾਮਾਨ ਜੋੜਿਆ ਜਾ ਰਿਹਾ ਸੀ, ਜਦਕਿ ਪੁੱਤਰ ਦੀ ਪੜ੍ਹਾਈ ਲਈ ਨਵਾਂ ਲੈਪਟਾਪ ਵੀ ਖ਼ਰੀਦਿਆ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ ਚਾਰ ਵਜੇ ਕਾਲਾਰਾਮ ਚਾਹ ਬਣਾਉਣ ਲਈ ਕਮਰੇ 'ਚ ਗਿਆ। ਜਿਵੇਂ ਹੀ ਉਸਨੇ ਗੈਸ ਚਾਲੂ ਕਰਕੇ ਮਾਚਿਸ ਦੀ ਤੀਲੀ ਬਾਲੀ, ਤਾਂ ਜ਼ੋਰਦਾਰ ਧਮਾਕੇ ਦੇ ਨਾਲ ਅੱਗ ਭੜਕ ਉੱਠੀ। ਅੱਗ ਲੱਗਦੇ ਹੀ ਕਾਲਾਰਾਮ ਨੇ ਰੌਲਾ ਪਾਇਆ। ਪਿਤਾ ਦੀ ਆਵਾਜ਼ ਸੁਣ ਕੇ ਧੀ ਮਮਤਾ ਉਸਨੂੰ ਬਚਾਉਣ ਲਈ ਦੌੜੀ, ਪਰ ਉਹ ਵੀ ਅੱਗ ਦੀ ਲਪੇਟ 'ਚ ਆ ਕੇ ਝੁਲਸ ਗਈ।
ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਕਮਰੇ ਨੂੰ ਆਪਣੀ ਲਪੇਟ 'ਚ ਲੈ ਲਿਆ। ਘਰ 'ਚ ਰੱਖਿਆ ਫਰਨੀਚਰ, ਕੱਪੜੇ, ਦਾਜ ਦਾ ਸਾਮਾਨ, ਮੋਬਾਈਲ ਫ਼ੋਨ, ਨਕਦੀ ਅਤੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਮੁਆਵਜ਼ੇ ਦੀ ਮੰਗ
ਇਸ ਘਟਨਾ ਤੋਂ ਬਾਅਦ ਪੂਰੇ ਮੁਹੱਲੇ 'ਚ ਹਮਦਰਦੀ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਪਾਸੋਂ ਪੀੜਤ ਪਰਿਵਾਰ ਨੂੰ ਮਾਲੀ ਸਹਾਇਤਾ ਅਤੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।