ਸੁਰੇਂਦਰ ਪ੍ਰਸਾਦ ਸਿੰਘ, ਨਵੀਂ ਦਿੱਲੀ : ਖੇਤੀ ਸੁਧਾਰਾਂ ਲਈ ਸੰਸਦ ਤੋਂ ਪਾਸ ਕਾਨੂੰਨਾਂ ਦੇ ਹੋਂਦ ਵਿਚ ਆਉਂਦੇ ਹੀ ਖੇਤੀ ਖੇਤਰ 'ਚ ਨਿਵੇਸ਼ ਦਾ ਰਾਹ ਸਾਫ਼ ਹੋ ਗਿਆ ਹੈ। ਸਹਿਕਾਰੀ ਖੇਤਰ ਦੀ ਪ੍ਰਮੁੱਖ ਸੰਸਥਾ ਨੈਫੇਡ (ਭਾਰਤੀ ਰਾਸ਼ਟਰੀ ਖੇਤੀ ਸਹਿਕਾਰੀ ਮਾਰਕੀਟਿੰਗ ਸੰਘ ਲਿਮਟਿਡ) ਨੇ ਇਕ ਸਾਲ ਦੇ ਅੰਦਰ ਦੇਸ਼ ਵਿਚ 100 ਤੋਂ ਜ਼ਿਆਦਾ ਮੰਡੀਆਂ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਮਹਾਰਾਸ਼ਟਰ ਦੇ ਪੁਣੇ ਵਿਚ ਪਹਿਲੀ ਮੰਡੀ ਖੁੱਲ੍ਹ ਵੀ ਗਈ ਹੈ।

ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਅਤੇ ਸਹਿਕਾਰੀ ਸੁਸਾਇਟੀਆਂ ਨਾਲ ਮਿਲ ਕੇ ਨੈਫੇਡ ਨੇ ਇਹ ਚਿਰਾਂ ਤੋਂ ਉਡੀਕੀ ਜਾ ਰਹੀ ਵੱਡੀ ਪਹਿਲ ਕੀਤੀ ਹੈ। ਇਨ੍ਹਾਂ ਮੰਡੀਆਂ ਵਿਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਨੈਫੇਡ ਵੱਲੋਂ ਕੀਤਾ ਜਾਵੇਗਾ, ਜਦਕਿ ਉਨ੍ਹਾਂ ਦਾ ਨਿਯਮਿਤ ਸੰਚਾਲਨ ਕਿਸਾਨ ਉਤਪਾਦਕ ਸੰਗਠਨਾਂ ਦਾ ਪ੍ਰਬੰਧਨ ਕਰੇਗਾ।

ਸਰਕਾਰ ਦੀ ਮਨਸ਼ਾ ਮੁਤਾਬਕ ਰਵਾਇਤੀ ਮੰਡੀਆਂ ਦੇ ਬਰਾਬਰ ਇਨ੍ਹਾਂ ਨਿੱਜੀ ਮੰਡੀਆਂ ਵਿਚ ਕਿਸਾਨਾਂ ਨੂੰ ਹਿੱਤ ਵਿਚ ਸਾਰੀਆਂ ਸਹੂਲਤਾਂ ਮੁਫ਼ਤ ਵਿਚ ਮੁਹੱਈਆ ਕਰਵਾਈਆਂ ਜਾਣਗੀਆਂ।

ਇਨ੍ਹਾਂ ਵਿਚ ਵਜ਼ਨ ਦੀਆਂ ਆਧੁਨਿਕ ਮਸ਼ੀਨਾਂ, ਉਪਜ ਦਾ ਨਿਲਾਮੀ ਸਥਾਨ, ਸ਼ਾਰਟਿੰਗ, ਗ੍ਰੇਡਿੰਗ, ਨਮੀ ਵਾਲੀ ਉਪਜ ਨੂੰ ਸੁਖਾਉਣ ਦੀਆਂ ਆਧੁਨਿਕ ਮਸ਼ੀਨਾਂ, ਕਲੀਨਿੰਗ ਅਤੇ ਪੈਕਿੰਗ ਦੀ ਵਿਵਸਥਾ ਪ੍ਰਮੁੱਖ ਹੋਵੇਗੀ। ਇਸ ਤੋਂ ਇਲਾਵਾ ਛੋਟਾ ਪ੍ਰਰੀ ਕੂਲਿੰਗ ਵਾਲਾ ਕੋਲਡ ਸਟੋਰ, ਵੇਅਰ ਹਾਊਸ ਆਦਿ ਦੀ ਸਹੂਲਤ ਇਨ੍ਹਾਂ ਮੰਡੀਆਂ ਵਿਚ ਉਪਲੱਬਧ ਰਹੇਗੀ। ਖੇਤੀ ਉਤਪਾਦਾਂ ਦੀ ਗੁਣਵੱਤਾ ਦਾ ਨਿਰਧਾਰਨ ਕਰਨ ਵਾਲੀਆਂ ਆਧੁਨਿਕ ਮਸ਼ੀਨਾਂ ਵੀ ਲਾਈਆਂ ਜਾਣਗੀਆਂ।

ਇਨ੍ਹਾਂ ਮੰਡੀਆਂ ਵਿਚ ਖੇਤੀ ਦੇ ਇਨਪੁਟ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਵੀ ਹੋਣਗੀਆਂ ਜਿੱਥੋਂ ਕਿਸਾਨ ਆਪਣੀ ਜ਼ਰੂਰਤ ਦਾ ਸਾਮਾਨ ਰਿਆਇਤੀ ਦਰਾਂ 'ਤੇ ਖ਼ਰੀਦ ਸਕਣਗੇ। ਇਨ੍ਹਾਂ ਵਿਚ ਬੀਜ, ਖਾਦ, ਕੀਟਨਾਸ਼ਕ, ਖੇਤੀ ਦੇ ਛੋਟੇ-ਵੱਡੇ ਉਪਕਰਣ ਆਦਿ ਸ਼ਾਮਲ ਹਨ। ਇਨ੍ਹਾਂ ਮੰਡੀਆਂ ਵਿਚ ਕਿਸਾਨਾਂ ਨੂੰ ਖੇਤੀ ਨਾਲ ਜੁੜੀ ਹਰ ਤਰ੍ਹਾਂ ਦੀ ਆਧੁਨਿਕ ਵਿਗਿਆਨਕ ਜਾਣਕਾਰੀ ਵੀ ਉਪਲੱਬਧ ਕਰਵਾਈ ਜਾਵੇਗੀ। ਇਨ੍ਹਾਂ ਮੰਡੀਆਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਐਗਰੋ ਇੰਫ੍ਰਾਸਟ੍ਕਚਰ ਫੰਡ ਤੋਂ ਮਦਦ ਲਈ ਜਾ ਸਕੇਗੀ। ਪਹਿਲੀ ਨੈਫੇਡ ਕਿਸਾਨ ਮੰਡੀ ਪੁਣੇ ਵਿਚ 30 ਐੱਫਪੀਓ ਨਾਲ ਮਿਲ ਕੇ ਸਥਾਪਤ ਕੀਤੀ ਗਈ ਹੈ। ਦੂਜੀ ਮੰਡੀ ਮਹਾਰਾਸ਼ਟਰ ਦੇ ਹੀ ਨਾਸਿਕ ਦੇ ਕੋਲ ਢੋਲਭਰੇ ਵਿਚ ਛੇਤੀ ਹੀ ਸਥਾਪਤ ਕੀਤੀ ਜਾਵੇਗੀ।

ਨੈਫੇਡ ਦੇ ਪ੍ਰਬੰਧ ਨਿਰਦੇਸ਼ਕ ਸੰਜੀਵ ਕੁਮਾਰ ਚੱਢਾ ਨੇ ਦੱਸਿਆ ਕਿ ਖੇਤੀ ਖੇਤਰ ਵਿਚ ਸੁਧਾਰ ਦੇ ਤਿੰਨ ਕਾਨੂੰਨਾਂ ਤੋਂ ਕਿਸਾਨਾਂ ਨੂੰ ਵੱਡਾ ਫ਼ਾਇਦਾ ਮਿਲਿਆ ਹੈ। ਇਸੇ ਤਹਿਤ ਨੈਫੇਡ ਨੇ ਐੱਫਪੀਓ ਨਾਲ ਮਿਲ ਕੇ ਮੰਡੀਆਂ ਦੀ ਸਥਾਪਨਾ ਦਾ ਖਾਕਾ ਤਿਆਰ ਕਰ ਲਿਆ ਹੈ। 50 ਮੰਡੀਆਂ ਦਾ ਖਰੜਾ ਆਖ਼ਰੀ ਪੜਾਅ ਵਿਚ ਹੈ, ਜਦਕਿ ਬਾਕੀ ਵਿਚ ਵੀ ਤਰੱਕੀ ਹੋ ਰਹੀ ਹੈ। ਇਸ ਸਾਲ ਦੇ ਅੰਦਰ ਕੰਮ ਪੂਰਾ ਕਰ ਲਿਆ ਜਾਵੇਗਾ। ਆਗਾਮੀ ਹਾੜੀ ਸੀਜ਼ਨ ਦੀ ਉਪਜ ਦੀ ਖ਼ਰੀਦ ਨਵੀਂ ਨੈਫੇਡ ਕਿਸਾਨ ਮੰਡੀਆਂ ਵਿਚ ਹੋਣ ਲੱਗੇਗੀ।

'ਏਕ ਦੇਸ਼ ਏਕ ਬਾਜ਼ਾਰ' ਦਾ ਸੁਪਨਾ ਹੋਵੇਗਾ ਪੂਰਾ : ਰਾਧਾਮੋਹਨ

ਕੇਂਦਰ ਸਰਕਾਰ ਦੀ ਖੇਤੀ ਸੁਧਾਰਾਂ ਦੀ ਪਹਿਲ ਨਾਲ ਕਿਸਾਨਾਂ ਦਾ 'ਏਕ ਦੇਸ਼ ਏਕ ਬਾਜ਼ਾਰ' ਦਾ ਸੁਪਨਾ ਪੂਰਾ ਹੋਵੇਗਾ। ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਖੇਤੀ ਮੰਤਰੀ ਰਾਧਾਮੋਹਨ ਸਿੰਘ ਨੇ ਇਸ ਨੂੰ ਕਿਸਾਨਾਂ ਲਈ ਕ੍ਰਾਂਤੀਕਾਰੀ ਫ਼ੈਸਲਾ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਟ੍ਰੈਕਟ ਖੇਤੀ ਦੀਆਂ ਕਾਨੂੰਨੀ ਤਜਵੀਜ਼ਾਂ ਨਾਲ ਠੇਕੇ 'ਤੇ ਦਿੱਤੀ ਜਾਣ ਵਾਲੀ ਖੇਤੀ ਨੂੰ ਉਤਸ਼ਾਹ ਮਿਲੇਗਾ। ਭਾਜਪਾ ਨੇਤਾ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਖ਼ਿਲਾਫ਼ ਬੋਲਣ ਵਾਲੇ ਵਿਚੋਲਿਆਂ ਨਾਲ ਖੜ੍ਹੇ ਹਾਂ। ਜਿਸ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਲਾਗਤ ਦੇ ਮੁਕਾਬਲੇ ਡੇਢ ਗੁਣਾ ਕਰਨ ਦਾ ਫ਼ੈਸਲਾ ਕੀਤਾ, ਉਸ ਖ਼ਿਲਾਫ਼ ਕਿਸਾਨਾਂ ਵਿਚ ਭਰਮ ਫੈਲਾਉਣਾ ਵਿਰੋਧੀ ਪਾਰਟੀਆਂ ਨੂੰ ਭਾਰੀ ਪਵੇਗਾ। ਸਾਉਣੀ ਸੀਜ਼ਨ ਦੀ ਸ਼ੁਰੂ ਹੋ ਚੁੱਕੀ ਖ਼ਰੀਦ ਵਿਚ ਹੀ ਇਹ ਸਪੱਸ਼ਟ ਹੋ ਜਾਵੇਗਾ। ਖੇਤੀ ਉਪਜ ਨੂੰ ਵੇਚਣ ਤੋਂ ਜ਼ਿਆਦਾ ਤੋਂ ਜ਼ਿਆਦਾ ਬਦਲ ਹੀ ਕਿਸਾਨਾਂ ਨੂੰ ਚੰਗਾ ਮੁੱਲ ਦਿਵਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨੀ ਵਿਚ ਵਾਧਾ ਸੰਭਵ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਨੇ ਖੇਤੀ ਖੇਤਰ ਦੇ ਬੁਨਿਆਦੀ ਢਾਂਚਾ ਵਿਕਾਸ ਲਈ ਕਿ ਲੱਖ ਕਰੋੜ ਰੁਪਏ ਦਾ ਬੰਦੋਬਸਤ ਕੀਤਾ ਹੈ।