ਮੁੰਬਈ, ਏਜੰਸੀ : ਮਹਾਰਾਸ਼ਟਰ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ। ਰਾਜ ਦੇ ਗ੍ਰਹਿ ਮੰਤਰੀ ਸ਼ੰਭੂਰਾਜੇ ਦੇਸਾਈ ਨੇ ਸੋਮਵਾਰ ਦੇ ਦਿਨ ਪੱਤਰਕਾਰਾਂ ਨੂੰ ਕਿਹਾ ਕਿ ਪੂਨਾਵਾਲਾ ਫ਼ਿਕਰ ਨਾ ਕਰਨ। ਉਨ੍ਹਾਂ ਨੂੰ ਪੂਰੇ ਵੇਰਵੇ ਨਾਲ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਕਿ ਕਿਹੜੇ ਕਿਹੜੇ ਲੋਕਾਂ ਤੇ ਕਿਹੜੇ ਕਿਹੜੇ ਫ਼ੋਨ ਨੰਬਰਾਂ ਤੋਂ ਧਮਕੀ ਦਿੱਤੀ ਗਈ। ਅਸੀਂ ਉਸਦੀ ਡੂੰਘਾਈ ਨਾਲ ਜਾਂਚ ਕਰਾਂਗੇ।

ਧਮਕੀ ਤੇ ਦਰਜ ਕਰਵਾਉ ਪੁਲਿਸ ਨੂੰ ਸ਼ਿਕਾਇਤ

ਇਸ ਦੌਰਾਨ, ਰਾਜ ਦੇ ਆਵਾਸ ਮੰਤਰੀ ਡਾ. ਜਤਿੰਦਰ ਆਵਹਾਡ ਨੇ ਕਿਹਾ ਕਿ ਪੂਨਾਵਾਲਾ ਨੂੰ ਮਿਲੀਆਂ ਧਮਕੀਆਂ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪੂਨਾਵਾਲਾ ਨੂੰ ਧਮਕੀਆਂ ਨੂੰ ਲੈ ਕੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਪੂਨਾਵਾਲਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਭਾਰਤ ਪਰਤਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਪਾਰਟੀ ਉਨ੍ਹਾਂ ਨੂੰ ਸੁਰੱਖਿਆ ਦੇਵੇਗੀ।

ਪਟੋਲੇ ਨੇ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੀਆਂ ਦਵਾਈਆਂ ਜ਼ਰੂਰਤ ਹੈ। ਉਨ੍ਹਾਂ ਨੂੰ ਸਿਰਫ਼ ਵੈਕਸੀਨ ਨਿਰਮਾਣ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਦੂਜੇ ਪਾਸੇ ਰਾਜ ਦੇ ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਕੁਝ ਟੀਵੀ ਚੈਨਲਾਂ ਦੀਆਂ ਖ਼ਬਰਾਂ ਦਾ ਵਿਰੋਧ ਕੀਤਾ ਹੈ ਕਿ ਸ਼ਿਵ ਸੈਨਾ ਦੇ ਲੋਕ ਪੂਨਾਵਾਲਾ ਨੂੰ ਧਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ਿਵ ਸੈਨਾ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।

Posted By: Sunil Thapa