ਜੇਐੱਨਐੱਨ, ਨਵੀਂ ਦਿੱਲੀ। ਕੋਰੋਨਾ ਵਾਇਰਸ ਖਿਲਾਫ਼ ਟੀਕਾਕਰਨ ਦੇ ਵਧਦੇ ਦਾਇਰੇ ਦੇ ਨਾਲ- ਨਾਲ ਇਸ ਦੀ ਗਤੀ ਵੀ ਤੇਜ਼ ਹੋ ਰਹੀ ਹੈ। 3 ਜਨਵਰੀ ਤੋਂ ਇਸ ਦਾਇਰੇ ’ਚ 15 ਤੋਂ 18 ਸਾਲ ਦੇ ਅੱਲੜ੍ਹਾਂ ਨੂੰ ਵੀ ਲਿਆਂਦਾ ਗਿਆ ਸੀ ਤੇ ਕੇਵਲ 12 ਦਿਨਾਂ ’ਚ ਹੀ 43 ਫ਼ੀਸਦੀ ਅੱਲੜ੍ਹਾਂ ਨੇ ਪਹਿਲੀ ਡੋਜ਼ ਲਗਵਾ ਲਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਨ ਪੋਰਟਲ ਦੇ ਸ਼ੁੱਕਰਵਾਰ ਰਾਤ 23:30 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਦੱਸਿਆ ਕਿ ਹੁਣ ਤੱਕ 15 ਤੋਂ 18 ਸਾਲ ਦੇ ਕੁੱਲ 3.24 ਕਰੋੜ ਤੋਂ ਜ਼ਿਆਦਾ ਅੱਲੜ੍ਹਾਂ ਦੇ ਟੀਕਾਕਰਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ।

ਅੱਲੜ੍ਹਾਂ ’ਚ ਸ਼ੁਰੂ ਤੋਂ ਹੀ ਟੀਕਾਕਰਨ ਨੂੰ ਲੈਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਇਸ ਉਮਰ ਵਰਗ ਦੇ ਸਾਰੇ ਅੱਲੜ੍ਹਾਂ ਨੂੰ ਟੀਕਾਕਰਨ ਦੀ ਪਹਿਲੀ ਡੋਜ਼ ਦੇ ਦਿੱਤੀ ਜਾਵੇਗੀ। ਜੇ ਸਾਰੇ ਉਮਰ ਵਰਗ ਦੀ ਗੱਲ ਕਰੀਏ ਤਾਂ ਹੁਣ ਤੱਕ 156.02 ਕਰੋੜ ਤੋਂ ਜ਼ਿਆਦਾ ਡੋਜ਼ ਲਗਾਈ ਜਾ ਚੁੱਕੀ ਹੈ। ਇਸ ’ਚ 90.56 ਕਰੋੜ ਪਹਿਲੀ, 65.08 ਕਰੋੜ ਦੂਸਰੀ ਤੇ 37.02 ਲੱਖ ਬੂਸਟਰ ਡੋਜ਼ ਵੀ ਸ਼ਾਮਲ ਹੈ। 65.08 ਕਰੋੜ ਦੂਸਰੀ ਡੋਜ਼ ਦਾ ਮਤਲਬ ਹੈ ਕਿ ਹੁਣ ਤੱਕ 65 ਕਰੋੜ ਤੋਂ ਵੱਧ ਲੋਕਾਂ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ।

ਕੰਮਕਾਜੀ ਲੋਕਾਂ ਤੇ ਬੱਚਿਆਂ ’ਤੇ ਸਮਾਨ ਰੂਪ ’ਚ ਪ੍ਰਭਾਵਸ਼ਾਲੀ ਹੈ ਕੋਵੈਕਸੀਨ: ਭਾਰਤ ਬਾਇਓਟੈਕ

ਭਾਰਤ ਬਾਇਓਟੈਕ ਕੰਪਨੀ ਨੇ ਦਾਵਾ ਕੀਤਾ ਹੈ ਕਿ ਉਸ ਦਾ ਕੋਰੋਨਾ ਰੋਧੀ ਟੀਕਾ ਕੰਮਕਾਜੀ ਲੋਕਾਂ ਤੇ ਬੱਚਿਆਂ ’ਤੇ ਇਕ ਸਮਾਨ ਰੂਪ ’ਚ ਪ੍ਰਭਾਵਸ਼ਾਲੀ ਹੈ। ਕੰਪਨੀ ਕੋਵੈਕਸੀਨ ਦੇ ਨਾਮ ’ਤੇ ਕੋਰੋਨਾ ਰੋਧੀ ਟੀਕਾ ਬਣਾਉਂਦੀ ਹੈ। ਕੰਪਨੀ ਨੇ ਕੋਰੋਨਾ ਵਾਇਰਸ ਦੇ ਖ਼ਿਲਾਫ ਇਕ ਵਿਸ਼ਵ ਪੱਧਰ ’ਤੇ ਟੀਕਾ ਵਿਕਸਤ ਕਰਨ ਦੇ ਟੀਚੇ ਨੂੰ ਹਾਸਲ ਕਰ ਲਿਆ ਹੈ। ਲਾਇਸੈਂਸ ਲਈ ਸਾਰੇ ਉਤਪਾਦ ਵਿਕਾਸ ਨੂੰ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾ ਕੰਪਨੀ ਨੇ ਦਾਵਾ ਕੀਤਾ ਸੀ ਕਿ ਉਸ ਦਾ ਟੀਕਾ ਕੋਰੋਨਾ ਦੇ ਡੈਲਟਾ ਤੇ ਓਮੀਕ੍ਰੋਨ ਦੋਵਾਂ ਵੇਰੀਐਂਟ ਖ਼ਿਲਾਫ ਸਰੁੱਖਿਆ ਪ੍ਰਦਾਨ ਕਰਦਾ ਹੈ। ਭਾਰਤ ਬਾਇਓਟੈਕ ਨੇ ਇਕ ਬਿਆਨ ’ਚ ਕਿਹਾ ਕਿ ਪਹਿਲਾਂ ਦੇ ਅਧਿਐਨ ’ਚ ਵੀ ਪਾਇਆ ਗਿਆ ਸੀ ਕਿ ਕੋਵੈਕਸੀਨ ਸਾਰਸ- ਸੀਓਵੀ-2ਕੇਅਲਫਾ, ਬੀਟਾ,ਡੈਲਟਾ, ਓਮੀਕ੍ਰੋਨ, ਜੇਟਾ ਤੇ ਕੱਪਾ ਵੇਰੀਐਂਟ ਨੂੰ ਬੇਅਸਰ ਕਰਨ ’ਚ ਕਾਮਯਾਬ ਹੈ।

Posted By: Sarabjeet Kaur