ਲਖਨਊ : ਹਰਦੋਈ ਰੋਡ ਸਥਿਤ ਦੁਰਗਾਗੰਜ ਚੌਕ 'ਤੇ ਰਾਠੌਰ ਹੋਟਲ 'ਚ ਐਤਵਾਰ ਦੁਪਹਿਰੇ ਸਮੋਸੇ 'ਚੋਂ ਕਿਰਲੀ ਨਿਕਲਣ 'ਤੇ ਇਕ ਪਰਿਵਾਰ ਦੇ ਲੋਕਾਂ ਤੇ ਦੁਕਾਨਦਾਰ ਵਿਚਕਾਰ ਝਗੜਾ ਹੋ ਗਿਆ। ਦੁਕਾਨਦਾਰ ਵਲੋਂ ਕਿਰਲੀ ਨੂੰ ਫ੍ਰਾਈ ਮਿਰਚ ਦੱਸੇ ਜਾਣ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ। ਸਮੋਸਾ ਖਾ ਚੁੱਕੇ ਬੱਚਿਆਂ ਨੂੰ ਪਰਿਵਾਰ ਦੇ ਲੋਕ ਨੇੜੇ ਦੇ ਇਕ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਮਾਮੂਲੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ।

ਮਲੀਹਾਬਾਦ ਤੋਂ ਲਖਨਊ ਜਾ ਰਹੇ ਇਕ ਪਰਿਵਾਰ ਦੇ ਲੋਕ ਨਾਸ਼ਤਾ ਕਰਨ ਰਾਠੌਰ ਰੈਸਟੋਰੈਂਟ ਰੁਕੇ। ਨਾਸ਼ਤੇ 'ਚ ਸਮੋਸਾ ਮੰਗਵਾਇਆ ਗਿਆ। ਗਾਹਕ ਮੁਤਾਬਿਕ ਜਿਉਂ ਹੀ ਸਮੋਸਾ ਖਾਣ ਲਈ ਤੋੜਿਆ ਗਿਆ, ਉਸ ਵਿਚ ਕਿਰਲੀ ਦਾ ਸਿਰ ਦੇਖ ਕੇ ਸਾਰੇ ਭੜਕ ਗਏ। ਇਸ ਗੱਲ ਨੂੰ ਲੈ ਕੇ ਦੋਨਾਂ ਵਿਚਾਲੇ ਕਹਾ-ਸੁਣੀ ਹੋਣ ਲੱਗੀ। ਕੁਝ ਦੇਰ ਬਾਅਦ ਹੰਗਾਮਾ ਸ਼ੁਰੂ ਹੋ ਗਿਆ।

ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਮੋਸਾ ਖਾਣ ਕਾਰਨ ਬੱਚੇ ਬਿਮਾਰ ਹੋਣ ਦੀ ਗੱਲ ਕਹਿੰਦੇ ਹੋਏ ਪਰਿਵਾਰ ਨੇ ਹੋਟਲ ਮਾਲਕ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇਣ ਸਮੇਤ ਯੂ-ਟਿਊਬ ਤੇ ਫੇਸਬੁੱਕ 'ਤੇ ਘਟਨਾ ਦੀ ਵੀਡੀਓ ਅਪਲੋਡ ਕਰਨ ਨੂੰ ਕਿਹਾ। ਹੰਗਾਮਾ ਵਧਦਾ ਦੇਖ ਹੋਟਲ ਮਾਲਕ ਜੁਗਲ ਕਿਸ਼ੋਰ ਨੇ ਸਮੋਸੇ ਦੇ ਪੈਸੇ ਵਾਪਸ ਕਰ ਕੇ ਆਪਣਾ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ।

ਇਸ ਬਾਰੇ ਹੋਟਲ ਮਾਲਕ ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਸਮੋਸੇ 'ਚ ਹਰੀ ਮਿਰਚ ਫ੍ਰਾਈ ਕਰ ਕੇ ਪਾਈ ਜਾਂਦੀ ਹੈ। ਹੋ ਸਕਦੈ ਕਿਰਲੀ ਵਰਗੀ ਚੀਜ਼ ਫ੍ਰਾਈ ਮਿਰਚ ਹੋਵੇ। ਸਮੋਸੇ 'ਚੋਂ ਕਿਰਲੀ ਨਿਕਲਣ ਦੀ ਗੱਲ ਤੋਂ ਉਨ੍ਹਾਂ ਇਨਕਾਰ ਕੀਤਾ।

Posted By: Seema Anand