ਮੁੰਬਈ (ਪੀਟੀਆਈ) : ਨੌਸੈਨਾ ਦੀਆਂ ਜੰਗੀ ਸਮਰੱਥਾਵਾਂ ਨੂੰ ਵਧਾਉਣ ਲਈ ਵੀਰਵਾਰ ਨੂੰ ਪਨਡੁੱਬੀ ਆਈਐੱਨਐੱਸ ਵੇਲਾ ਨੂੰ ਬੇੜੇ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਨੌਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਕਿਹਾ ਕਿ ਇਸ ਖੇਤਰ ਵਿਚ ਪਨਡੁੱਬੀ ਸੰਚਾਲਨ ’ਚ ਆਈਐੱਨਐੱਸ ਵੇਲਾ ਇਕ ਸ਼ਕਤੀਸ਼ਾਲੀ ਮੰਚ ਦਾ ਕੰਮ ਕਰੇਗੀ।

ਭਾਰਤੀ ਨੌਸੈਨਾ ਵੱਲੋਂ ਕਲਵਾਰੀ ਸ਼੍ਰੇਣੀ ਦੇ ਪਨਡੁੱਬੀ ਪ੍ਰਾਜੈਕਟ 75 ਦੇ ਤਹਿਤ ਸ਼ਾਮਲ ਕੀਤੀਆਂ ਜਾਣ ਵਾਲੀਆਂ ਛੇ ਪਨਡੁੱਬੀਆਂ ਵਿਚੋਂ ਵੇਲਾ ਚੌਥੀ ਹੈ। ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਭਾਰਤ ਨੌਸੈਨਾ ਦੇ ਬੇੜੇ ਨੂੰ ਮਜ਼ਬੂਤ ਕਰਨ ਦਾ ਇਹ ਦੂਜਾ ਵੱਡਾ ਯਤਨ ਹੈ। ਲੰਘੀ 21 ਨਵੰਬਰ ਨੂੰ ਨੌਸੈਨਾ ਨੇ ਜੰਗੀ ਬੇੜੇ ਆਈਐੱਨਐੱਸ ਵਿਸ਼ਾਖਾਪਟਨਮ ਨੂੰ ਬੇੜੇ ਵਿਚ ਸ਼ਾਮਲ ਕੀਤਾ ਹੈ। ਨੌਸੈਨਾ ਮੁਖੀ ਨੇ ਕਿਹਾ ਕਿ ਪ੍ਰਾਜੈਕਟ 75, ਆਉਣ ਵਾਲੇ ਕੁਝ ਸਾਲਾਂ ਵਿਚ ਭਾਰਤੀ ਨੌਸੈਨਾ ਦੀ ਪਾਣੀ ਦੇ ਹੇਠਾਂ ਯੁੱਧ ਦੀਆਂ ਸਮਰੱਥਾਵਾਂ ਨੂੰ ਬਦਲ ਕੇ ਰੱਖ ਦੇਵੇਗਾ। ਅੱਜ ਦੀ ਗਤੀਸ਼ੀਲ ਤੇ ਗੁੰਝਲਦਾਰ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ, ਵੇਲਾ ਦੀ ਤਾਕਤ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਨੌਸੈਨਾ ਦੀ ਸਮਰੱਥਾ ਵਿਚ ਅਹਿਮ ਭੂਮਿਕਾ ਨਿਭਾਏਗੀ। ਹਿੰਦ ਮਹਾਸਾਗਰ ਖੇਤਰ ਦੇ ਸਮੁੰਦਰੀ ਦ੍ਰਿਸ਼ ਵਿਚ ਸਾਡੇ ਵਿਰੋਧੀਆਂ ਲਈ ਇਹ ਇਕ ਮਜ਼ਬੂਤ ਵਸੀਲਾ ਸਾਬਤ ਹੋਵੇਗੀ।

Posted By: Sunil Thapa