ਮਾਲਾ ਦੀਕਸ਼ਤ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਹਿੰਦੂ ਔਰਤ ਦੀ ਜਾਇਦਾਦ ਦੇ ਉਤਰਾ-ਅਧਿਕਾਰ ਮਾਮਲੇ ’ਚ ਇਕ ਅਹਿਮ ਫ਼ੈਸਲਾ ਦਿੱਤਾ ਹੈ। ਕੋਰਟ ਨੇ ਕਿਹਾ ਕਿ ਹਿੰਦੂ ਵਿਆਹੁਤਾ ਦੇ ਪੇਕੇ ਪਰਿਵਾਰ ਦੇ ਉਤਰਾ-ਅਧਿਕਾਰੀਆਂ ਨੂੰ ਬਾਹਰਲੇ ਲੋਕ ਨਹੀਂ ਕਿਹਾ ਜਾ ਸਕਦਾ। ਉਹ ਔਰਤ ਦੇ ਪਰਿਵਾਰ ਦੇ ਮੈਂਬਰ ਮੰਨੇ ਜਾਣਗੇ। ਕੋਰਟ ਨੇ ਕਿਹਾ ਕਿ ਹਿੰਦੂ ਉਤਰਾ-ਅਧਿਕਾਰ ਐਕਟ ਦੀ ਧਰਾ 15(1) (ਡੀ) ’ਚ ਔਰਤ ਦੇ ਪਿਤਾ ਦੇ ਉਤਰਾ-ਅਧਿਕਾਰੀਆਂ ਨੂੰ ਔਰਤ ਦੀ ਜਾਇਦਾਦ ਦੇ ਉਤਰਾ-ਅਧਿਕਾਰੀਆਂ ਨੂੰ ਔਰਤ ਦੀ ਜਾਇਦਾਦ ਦੇ ਉਤਰਾ-ਅਧਿਕਾਰੀਆਂ ’ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੋਰਟ ਨੇ ਔਰਤ ਦੇ ਦਿਓਰ ਦੇ ਬੱਚਿਆਂ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਜਿਸ ’ਚ ਔਰਤ ਵੱਲੋਂ ਆਪਣੇ ਭਰਾ ਦੇ ਬੱਚਿਆਂ ਨੂੰ ਜਾਇਦਾਦ ਦਿੱਤੇ ਜਾਣ ਨੂੰ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨ ’ਚ ਕੋਰਟ ਤੋਂ ਪਰਿਵਾਰਕ ਸੈਟਲਮੈਂਟ ’ਚ ਪਰਿਵਾਰ ਦੇ ਬਾਹਰ ਦੇ ਲੋਕਾਂ ਨੂੰ ਜਾਇਦਾਦ ਦਿੱਤੇ ਜਾਣ ਦੀ ਡਿਕਰੀ ਰੱਦ ਕਰਨ ਦੀ ਮੰਗ ਕੀਤੀ ਗਈ ਸੀ।

ਇਹ ਅਹਿਮ ਫ਼ੈਸਲਾ ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਆਰ ਸੁਭਾਸ਼ ਰੈੱਡੀ ਦੀ ਬੈਂਚ ਨੇ ਹਾਈਕੋਰਟ ਤੇ ਹੇਠਲੀ ਅਦਾਲਤ ਦੇ ਫ਼ੈਸਲਿਆਂ ਨੂੰ ਸਹੀ ਠਹਿਰਾਉਂਦੇ ਹੋਏ 22 ਫਰਵਰੀ ਨੂੰ ਸੁਣਾਇਆ। ਕੋਰਟ ਨੇ ਹਰਿਆਣਾ ਦੇ ਇਸ ਮਾਮਲੇ ’ਚ ਔਰਤ ਦੇ ਦਿਓਰ ਦੇ ਬੱਚਿਆਂ ਵੱਲੋਂ ਦਾਖ਼ਲ ਅਪੀਲ ਖ਼ਾਰਜ ਕਰ ਦਿੱਤੀ।

ਇਹ ਮਾਮਲਾ ਗੁਰੂਗ੍ਰਾਮ ਦੇ ਸੋਹਾਣਾ ਤਹਿਸੀਲ ਦੇ ਗੜ੍ਹੀ ਬਾਜਿਦਪੁਰ ਪਿੰਡ ਦਾ ਹੈ। ਕੇਸ ਮੁਤਾਬਕ ਗੜ੍ਹੀ ਪਿੰਡ ’ਚ ਬਦਲੂ ਦੀ ਖੇਤੀਯੋਗ ਜ਼ਮੀਨ ਸੀ। ਬਦਲੂ ਦੇ ਦੋ ਪੁੱਤਰ ਸਨ ਬਾਲੀ ਰਾਮ ਤੇ ਸ਼ੇਰ ਸਿੰਘ। ਸ਼ੇਰ ਸਿੰਘ ਦੀ 1953 ’ਚ ਮੌਤ ਹੋ ਗਈ, ਉਸਦੀ ਸੰਤਾਨ ਨਹੀਂ ਸੀ। ਸ਼ੇਰ ਦੇ ਮਰਨ ਤੋਂ ਬਾਅਦ ਉਸ ਦੀ ਵਿਧਵਾ ਜਗਨੋ ਨੂੰ ਪਤੀ ਦੇ ਹਿੱਸੇ ਦੀ ਅੱਧੀ ਜ਼ਮੀਨ ’ਤੇ ਉਤਰਾ-ਅਧਿਕਾਰ ਮਿਲਿਆ। ਜਗਨੋ ਨੇ ਫੈਮਿਲੀ ਸੈਟਲਮੈਂਟ ’ਚ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਭਰਾ ਦੇ ਪੁੱਤਰਾਂ ਨੂੰ ਦੇ ਦਿੱਤੀ। ਜਗਨੋ ਦੇ ਭਰਾ ਦੇ ਬੇਟਿਆਂ ਨੇ ਭੂਆ ਤੋਂ ਪਰਿਵਾਰਕ ਸੈਟਲਮੈਂਟ ’ਚ ਮਿਲੀ ਜ਼ਮੀਨ ’ਤੇ ਦਾਅਵੇ ਦਾ ਕੋਰਟ ’ਚ ਸੂਟ ਫਾਈਲ ਕੀਤਾ। ਉਸ ਮੁਕੱਦਮੇ ’ਚ ਜਗਨੋ ਨੇ ਲਿਖਤੀ ਬਿਆਨ ਦਾਖ਼ਲ ਕਰ ਕੇ ਭਰਾ ਦੇ ਪੁੱਤਰਾਂ ਦੇ ਮੁਕੱਦਮੇ ਦਾ ਸਮਰਥਨ ਕੀਤਾ ਤੇ ਕੋਰਟ ਨੇ ਸਮਰਥਨ ’ਚ ਬਿਆਨ ਆਉਣ ਤੋਂ ਬਾਅਦ ਭਰਾ ਦੇ ਪੁੱਤਰਾਂ ਦੇ ਹੱਕ ’ਚ 19 ਅਗਸਤ 1991 ਨੂੰ ਡਿਕਰੀ ਪਾਸ ਕਰ ਦਿੱਤੀ।

ਇਸ ਤੋਂ ਬਾਅਦ ਜਗਨੋ ਦੇ ਦਿਓਰ ਬਾਲੀ ਰਾਮ ਦੇ ਬੱਚਿਆਂ ਨੇ ਅਦਾਲਤ ’ਚ ਮੁਕੱਦਮਾ ਦਾਖ਼ਲ ਕਰ ਕੇ ਪਰਿਵਾਰਕ ਸਮਝੌਤੇ ’ਚ ਜਗਨੋ ਦੇ ਆਪਣੇ ਭਰਾ ਦੇ ਪੁੱਤਰਾਂ ਨੂੰ ਪਰਿਵਾਰ ਦੀ ਜ਼ਮੀਨ ਦੇਣ ਦਾ ਵਿਰੋਧ ਕੀਤਾ।

ਦਿਓਰ ਦੇ ਬੱਚਿਆਂ ਨੇ ਕੋਰਟ ਤੋਂ 19 ਅਗਸਤ 1991 ਦਾ ਆਦੇਸ਼ ਰੱਦ ਕਰਨ ਦੀ ਮੰਗ ਕਰਦੇ ਹੋਏ ਦਲੀਲ ਦਿੱਤੀ ਕਿ ਪਰਿਵਾਰਕ ਸਮਝੌਤੇ ’ਚ ਬਾਹਰੀ ਲੋਕਾਂ ਨੂੰ ਪਰਿਵਾਰ ਦੀ ਜ਼ਮੀਨ ਨਹੀਂ ਦਿੱਤੀ ਜਾ ਸਕਦੀ। ਜੇ ਜਗਨੋ ਨੇ ਭਰਾ ਦੇ ਪੁੱਤਰਾਂ ਨੂੰ ਜ਼ਮੀਨ ਦਿੱਤੀ ਹੈ ਤਾਂ ਉਸ ਨੂੁੰ ਰਜਿਸਟਰਡ ਕਰਵਾਇਆ ਜਾਣਾ ਚਾਹੀਦਾ ਸੀ ਕਿਉਂਕਿ ਜਗਨੋ ਦੇ ਭਰਾ ਦੇ ਪੁੱਤਰ ਜਗਨੋ ਦੇ ਪਰਿਵਾਰ ਦੇ ਮੈਂਬਰ ਨਹੀਂ ਮੰਨੇ ਜਾਣਗੇ। ਹੇਠਲੀ ਅਦਾਲਤ ਤੋਂ ਲੈ ਕੇ ਹਾਈਕੋਰਟ ਤਕ ਮੁਕੱਦਮਾ ਖ਼ਾਰਜ ਹੋਣ ਤੋਂ ਬਾਅਦ ਦਿਓਰ ਦੇ ਬੱਚੇ ਖੁਸ਼ੀ ਰਾਮ ਤੇ ਹੋਰ ਸੁਪਰੀਮ ਕੋਰਟ ਪੁੱਜੇ ਸਨ।

ਸੁਪਰੀਮ ਕੋਰਟ ਨੇ ਪਹਿਲਾਂ ਕੀਤੇ ਗਏ ਵੱਖ-ਵੱਖ ਫ਼ੈਸਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੋਰਟ ਪਹਿਲਾਂ ਹੋਏ ਸਾਰੇ ਫ਼ੈਸਲਿਆਂ ’ਚ ਸਾਰੇ ਪਹਿਲੂਆਂ ’ਤੇ ਵਿਚਾਰ ਕਰ ਚੁੱਕਾ ਹੈ। ਕੋਰਟ ਨੇ ਕਿਹਾ ਕਿ ਪਰਿਵਾਰ ਨੂੁੰ ਸੀਮਤ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਪਰਿਵਾਰ ’ਚ ਸਿਰਫ ਨਜ਼ਦੀਕੀ ਰਿਸ਼ਤੇਦਾਰ ਜਾਂ ਉਤਰਾ-ਅਧਿਕਾਰੀ ਹੀ ਨਹੀਂ ਆਉਂਦੇ ਬਲਕਿ ਉਹ ਲੋਕ ਵੀ ਆਉਂਦੇ ਹਨ ਜਿਨ੍ਹਾਂ ਦਾ ਥੋੜਾ ਵੀ ਮਾਲਕਾਨਾ ਹੱਕ ਬਣਦਾ ਹੋਵੇ ਜਾਂ ਜੋ ਇਸ ਹੱਕ ਦਾ ਦਾਅਵਾ ਕਰ ਸਕਦੇ ਹੋਣ।

ਕੋਰਟ ਨੇ ਕਿਹਾ ਕਿ ਇਸ ਮਾਮਲੇ ’ਚ ਹਿੰਦੂ ਉਤਰਾ-ਅਧਿਕਾਰ ਐਕਟ 1956 ਦੀ ਧਾਰਾ 15 ਨੂੰ ਦੇਖਿਆ ਜਾਣਾ ਹੈ ਜਿਸ ’ਚ ਹਿੰਦੂ ਔਰਤ ਦੇ ਉਤਰਾ-ਅਧਿਕਾਰੀਆਂ ਦਾ ਜ਼ਿਕਰ ਹੈ। ਇਸ ਦੀ ਧਾਰਾ 15(1) (ਡੀ) ’ਚ ਔਰਤ ਦੇ ਪਿਤਾ ਦੇ ਉਤਰਾ-ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਹ ਲੋਕ ਵੀ ਉਤਰਾ-ਅਧਿਕਾਰ ਪ੍ਰਾਪਤ ਕਰ ਸਕਦੇ ਹਨ। ਕੋਰਟ ਨੇ ਕਿਹਾ ਕਿ ਜਦੋਂ ਪਿਤਾ ਦੇ ਉਤਰਾ-ਅਧਿਕਾਰੀਆਂ ਨੂੰ ਉਨ੍ਹਾਂ ਲੋਕਾਂ ’ਚ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਨੂੰ ਉਤਰਾ-ਅਧਿਕਾਰ ਮਿਲ ਸਕਦਾ ਹੈ ਤਾਂ ਫਿਰ ਅਜਿਹੇ ’ਚ ੁਉਨ੍ਹਾਂ ਨੂੰ ਬਾਹਰੀ ਨਹੀਂ ਕਿਹਾ ਜਾ ਸਕਦਾ।

Posted By: Susheel Khanna