ਜਾਗਰਣ ਸੰਵਾਦਦਾਤਾ, ਨੋਇਡਾ : ਇੰਟਰਨੈੱਟ ਮੀਡੀਆ ਲਈ ਰੀਲ ਬਣਾ ਕੇ ਉਸ ਨੂੰ ਵੱਖ-ਵੱਖ ਪਲੇਟਫਾਰਮ ’ਤੇ ਅਪਲੋਡ ਕਰ ਕੇ ਲਾਈਕ ਹਾਸਲ ਕਰਨ ਦੀ ਚਾਹਤ ਮਾਸੂਮਾਂ ਤੇ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ। ਇਸ ਦੇ ਲਈ ਨੌਜਵਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਅਜਿਹੇ ਮਾਮਲੇ ਵਧਦੇ ਹੀ ਜਾ ਰਹੇ ਹਨ। ਅਜਿਹੀ ਹੀ ਘਟਨਾ ਨੋਇਡਾ ਦੇ ਸੈਕਟਰ-113 ਕੋਤਵਾਲੀ ਖੇਤਰ ਦੇ ਪਰਥਲਾ ਪਿੰਡ ’ਚ ਵਾਪਰੀ। ਇੱਥੇ 12 ਸਾਲ ਦੇ ਬੱਚੇ ਦੀ ਇੰਟਰਨੈੱਟ ਮੀਡੀਆ ’ਤੇ ‘ਸੁਪਰਮੈਨ’ ਵਾਂਗ ਉੱਡਣ ਦੀ ਚਾਹਤ ਕਾਰਨ ਜਾਨ ਚਲੀ ਗਈ।

ਕੋਤਵਾਲੀ ਇੰਚਾਰਜ ਨੇ ਦੱਸਿਆ ਕਿ ਫਰੁਖਾਬਾਦ ਵਾਸੀ ਬ੍ਰਜੇਸ਼ ਆਪਣੀਆਂ ਪੰਜ ਧੀਆਂ ਤੇ 12 ਸਾਲਾਂ ਦੇ ਪੁੱਤਰ ਨਾਲ ਪਰਥਲਾ ਪਿੰਡ ’ਚ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ। ਬ੍ਰਜੇਸ਼ ਦਾ 12 ਸਾਲਾਂ ਦਾ ਪੁੱਤਰ 14 ਮਈ ਨੂੰ ਦੁਪਹਿਰ ਦੋ ਵਜੇ ਦੇ ਕਰੀਬ ਕਮਰੇ ਅੰਦਰ ਸੁਪਰਮੈਨ ਬਣ ਕੇ ਹਵਾ ’ਚ ਉੱਡਣ ਦੀ ਵੀਡੀਓ ਬਣਾ ਰਿਹਾ ਸੀ, ਉਦੋਂ ਭੈਣ ਦਾ ਦੁਪੱਟਾ ਉਸ ਦੇ ਗਲ਼ੇ ’ਚ ਫਸ ਗਿਆ ਤੇ ਗਰਦਨ ਖਿੱਚੀ ਗਈ। ਗਰਦਨ ਖਿੱਚੀ ਜਾਣ ਨਾਲ ਬੱਚਾ ਬੇਹੋਸ਼ ਹੋ ਗਿਆ। ਭੈਣਾਂ ਦਾ ਰੌਲਾ ਸੁਣ ਕੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਬੁੱਧਵਾਰ ਨੂੰ ਬੱਚੇ ਦੀ ਮੌਤ ਹੋ ਗਈ।

ਕੋਤਵਾਲੀ ਇੰਚਾਰਜ ਸ਼ਰਦਕਾਂਤ ਨੇ ਦੱਸਿਆ ਕਿ ਬੱਚਾ ਕਮਰੇ ’ਚ ਸਾਮਾਨ ਰੱਖਣ ਲਈ ਬਣਾਈ ਸਲੈਬ ’ਤੇ ਰੱਖੇ ਬਕਸੇ ’ਤੇ ਚੜਿ੍ਹਆ ਸੀ ਤੇ ਗਲ਼ੇ ’ਚ ਦੁਪੱਟਾ ਬੰਨ੍ਹ ਕੇ ਹਵਾ ’ਚ ਉੱਡਣ ਦੀ ਵੀਡੀਓ ਬਣਾ ਰਿਹਾ ਸੀ। ਦੁਪੱਟੇ ਦੇ ਇਕ ਸਿਰੇ ਨੂੰ ਉਸ ਨੇ ਇਕ ਜਗ੍ਹਾ ਬੰਨ੍ਹ ਦਿੱਤਾ ਸੀ। ਕੁੱਦਦੇ ਸਮੇਂ ਦੁਪੱਟਾ ਗਲ਼ੇ ’ਚ ਫਸ ਗਿਆ ਤੇ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਲੋਕਾਂ ਨੂੰ ਅਜਿਹੀ ਜੋਖ਼ਮ ਭਰੀ ਵੀਡੀਓ ਰੀਲ ਨਾ ਬਣਾਉਣ ਦੀ ਅਪੀਲ ਕੀਤੀ ਹੈ।

Posted By: Shubham Kumar