ਨਵੀਂ ਦਿੱਲੀ : ਮੌਸਮ ਦੀ ਭਵਿੱਖਬਾਣੀ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਵਰਤੋਂ 'ਤੇ ਵਿਚਾਰ-ਚਰਚਾ ਹੋ ਰਹੀ ਹੈ। ਇਸ ਕਦਮ ਨਾਲ ਮੌਸਮ ਦੇ ਸਬੰਧ 'ਚ 3-6 ਘੰਟਿਆਂ ਦੀ ਭਵਿੱਖਬਾਣੀ ਨੂੰ ਹੋਰ ਸਟੀਕ ਬਣਾਉਣ 'ਚ ਮਦਦ ਮਿਲੇਗੀ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਡਾਇਰੈਕਟਰ ਜਨਰਲ ਮ੍ਰਿਤੂੰਜੈ ਮੋਹਪਾਤਰਾ ਨੇ ਦੱਸਿਆ ਕਿ ਮੌਸਮ ਦੀ ਭਵਿੱਖਬਾਣੀ ਦੇ ਖੇਤਰ 'ਚ ਏਆਈ ਤੇ ਮਸ਼ੀਨ ਲਰਨਿੰਗ ਤਕਨੀਕ ਦੂਸਰੇ ਖੇਤਰਾਂ ਵਾਂਗ ਪ੍ਰਚਲਿਤ ਹੋ ਰਹੀ ਹੈ। ਇਸ ਖੇਤਰ ਲਈ ਇਹ ਤਕਨੀਕ ਤੁਲਨਾਤਮਕ ਤੌਰ 'ਤੇ ਨਵੀਂ ਹੈ।

ਆਈਐੱਮਡੀ ਦੂਸਰੀਆਂ ਸੰਸਥਾਵਾਂ ਦੀ ਮਦਦ ਨਾਲ ਇਕ ਅਧਿਐਨ ਕਰਵਾ ਕੇ ਮੌਸਮ ਦੀ ਭਵਿੱਖਬਾਣੀ 'ਚ ਏਆਈ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰਨਾ ਚਾਹੁੰਦਾ ਹੈ। ਫਿਲਹਾਲ ਆਈਐੱਮਡੀ ਅਗਲੇ 3-6 ਘੰਟਿਆਂ ਦੇ ਮੌਸਮ ਦੀ ਤੁਰੰਤ ਭਵਿੱਖਬਾਣੀ ਜਾਰੀ ਕਰਨ ਲਈ ਵੱਖ-ਵੱਖ ਉਪਕਰਨਾਂ ਜਿਵੇਂ ਰਡਾਰ ਤੇ ਉਪਗ੍ਰਹਿ ਦੀ ਵਰਤੋਂ ਕਰਦਾ ਹੈ। ਉਨ੍ਹਾਂ ਕਿਹਾ ਕਿ ਏਆਈ ਮੌਸਮ ਦੇ ਪਿਛਲੇ ਮਾਡਲ ਨੂੰ ਸਮਝਣ 'ਚ ਮਦਦ ਕਰੇਗਾ, ਜਿਸ ਨਾਲ ਤੇਜ਼ੀ ਨਾਲ ਫ਼ੈਸਲੇ ਲਏ ਜਾ ਸਕਣਗੇ।

ਕੱਲ੍ਹ ਤੋਂ ਚਾਰ ਦਿਨ ਹੋਵੇਗੀ ਬਾਰਿਸ਼

ਇਸ ਦੌਰਾਨ ਦੇਸ਼ 'ਚ ਮੌਨਸੂਨ ਤੇ ਭਾਰੀ ਬਾਰਿਸ਼ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੰਗਲਵਾਰ ਤੋਂ ਅਗਲੇ ਤਿੰਨ-ਚਾਰ ਦਿਨਾਂ ਤਕ ਦੇਸ਼ ਦੇ ਮੱਧ ਤੇ ਪੱਛਮੀ ਹਿੱਸਿਆਂ 'ਚ ਜੰਮ ਕੇ ਬਾਰਿਸ਼ ਹੋਵੇਗੀ। ਚਾਰ ਅਗਸਤ ਨੂੰ ਕਰੀਬ ਉੱਤਰੀ ਬੰਗਾਲ ਦੀ ਖਾੜੀ 'ਚ ਹਵਾ ਦਾ ਦਬਾਅ ਘੱਟ ਹੋਵੇਗਾ। ਇਸ ਲਈ ਮੌਨਸੂਨ ਥੋੜ੍ਹਾ ਦੱਖਣ ਵੱਲ ਰੁਖ਼ ਕਰੇਗਾ। ਅਜਿਹਾ ਹੋਣ 'ਤੇ ਅਗਲੇ ਚਾਰ ਦਿਨਾਂ ਤਕ ਤੇਜ਼ ਬਾਰਿਸ਼ ਹੋਵੇਗੀ।

Posted By: Harjinder Sodhi