ਸਟੇਟ ਬਿਊਰੋ, ਅਹਿਮਦਾਬਾਦ : ਦੱਖਣੀ ਗੁਜਰਾਤ ਸਥਿਤ ਵਲਸਾਡ ਜ਼ਿਲ੍ਹੇ ਦੇ ਧਰਮਪੁਰ ਦੇ ਇਕ ਹੋਸਟਲ ਵਿਚ ਰਹਿ ਰਹੀਆਂ ਵਿਦਿਆਰਥਣਾਂ ਦੇ ਅਸ਼ਲੀਲ ਫੋਟੋ ਖਿੱਚਣ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਦੋਸ਼ ਹੋਸਟਲ ਦੇ ਰਸੋਈਏ ’ਤੇ ਲੱਗਾ ਹੈ। ਮਾਪਿਆਂ ਦੀ ਸ਼ਿਕਾਇਤ ’ਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਅਸ਼ਲੀਲ ਵੀਡੀਓ ਬਣਾਏ ਜਾਣ ਦਾ ਪਤਾ ਚੱਲਣ ’ਤੇ ਹੋਸਟਲ ਪਹੁੰਚ ਕੇ ਮਾਪਿਆਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਵਿਦਿਆਰਥਣਾਂ ਨੇ ਦੱਸਿਆ ਕਿ ਰਸੋਈਆ ਬਾਥਰੂਮ ਦੀ ਟੁੱਟੀ ਹੋਈ ਖਿਡ਼ਕੀ ਰਾਹੀਂ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਯਤਨ ਕਰਦਾ ਹੈ। ਵਿਦਿਆਰਥਣਾਂ ਨੇ ਉਸ ’ਤੇ ਛੇੜਖਾਨੀ ਤੇ ਪਰੇਸ਼ਾਨ ਕਰਨ ਦਾ ਵੀ ਦੋਸ਼ ਲਾਇਆ। ਵਲਸਾਡ ਆਦਿਵਾਸੀ ਵਸੋਂ ਵਾਲਾ ਜ਼ਿਲ੍ਹਾ ਹੈ। ਇਸ ਹੋਸਟਲ ਵਿਚ ਰਹਿ ਕੇ ਆਦਿਵਾਸੀ ਪਰਿਵਾਰਾਂ ਦੀਆਂ ਲੜਕੀਆਂ ਪੜ੍ਹਾਈ ਕਰਦੀਆਂ ਹਨ। ਵਿਦਿਆਰਥਣਾਂ ਨੇ ਇਸ ਘਟਨਾ ਦੀ ਜਾਣਕਾਰੀ ਮਾਪਿਆਂ ਦੇ ਵ੍ਹਟਸਐਪ ਗਰੁੱਪ ’ਚ ਸਾਂਝੀ ਕੀਤੀ। ਇਸ ਤੋਂ ਬਾਅਦ ਮਾਪਿਆਂ ਨੇ ਹੰਗਾਮਾ ਕਰਦੇ ਹੋਏ ਪੁਲਿਸ ਤੋਂ ਇਸ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਲੜਕੀਆਂ ਦੇ ਹੋਸਟਲ ਵਿਚ ਪੁਰਸ਼ ਰਸੋਈਆ ਰੱਖਣ ’ਤੇ ਸਵਾਲ ਖੜ੍ਹੇ ਕੀਤੇ।

ਵਲਸਾਡ ਦੇ ਐੱਸਪੀ ਰਾਜਦੀਪ ਸਿੰਘ ਜਾਲਾ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਇਕ ਡੀਐੱਸਪੀ, ਸਥਾਨਕ ਅਪਰਾਧ ਸ਼ਾਖਾ ਦੇ ਐੱਸਪੀ ਸਮੇਤ ਕਈ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

Posted By: Sandip Kaur