ਜਾਗਰਣ ਬਿਊਰੋ, ਨਵੀਂ ਦਿੱਲੀ : ਬਿਹਾਰ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਮੁੜ ਰਿਸਿਆ ਕਾਂਗਰਸ ਦਾ ਅੰਦਰੂਨੀ ਜ਼ਖ਼ਮ ਹੁਣ ਹੋਰ ਡੂੰਘਾ ਹੋਣ ਲੱਗਾ ਹੈ। ਸਮੀਖਿਆ ਦਾ ਜਾਇਜ਼ ਸਵਾਲ ਉਠਾਉਣ ਵਾਲੇ ਪਾਰਟੀ ਦੇ ਆਹਲਾ ਆਗੂਆਂ 'ਤੇ ਲੀਡਰਸ਼ਿਪ ਸਮਰਥਕਾਂ ਦਾ ਹਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਜਵਾਬ ਵਿਚ ਹੁਣ ਸੀਨੀਅਰਾਂ ਦੇ ਸਬਰ ਦਾ ਬੰਨ੍ਹ ਵੀ ਟੁੱਟਣ ਲੱਗਾ ਹੈ।

ਐਤਵਾਰ ਨੂੰ ਲੀਡਰਸ਼ਿਪ ਦੇ ਵਫ਼ਾਦਾਰ ਸਲਮਾਨ ਖੁਰਸ਼ੀਦ ਨੇ ਸਵਾਲ ਉਠਾਉਣ ਵਾਲਿਆਂ 'ਤੇ ਦੋਸ਼ ਲਾਇਆ ਤਾਂ ਜਵਾਬ ਵਿਚ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਯਾਦ ਦਿਵਾ ਦਿੱਤਾ ਕਿ ਕਾਂਗਰਸ ਜ਼ਮੀਨ ਨਾਲੋਂ ਸੰਪਰਕ ਗੁਆ ਚੁੱਕੀ ਹੈ ਅਤੇ ਇੱਥੇ ਕੋਈ ਵੀ ਅਹੁਦੇਦਾਰ ਬਣ ਜਾਂਦਾ ਹੈ ਅਤੇ ਮੁੜ ਲੈਟਰਹੈੱਡ ਤੇ ਵਿਜ਼ਟਿੰਗ ਕਾਰਡ ਛਪਵਾ ਕੇ ਸੰਤੁਸ਼ਟ ਹੋ ਜਾਂਦਾ ਹੈ।

ਤਿੰਨ ਚਾਰ ਮਹੀਨੇ ਪਹਿਲਾਂ ਉੱਠੀ ਆਵਾਜ਼ ਤੇ ਵਿਵਾਦ ਦੇ ਮੁਕਾਬਲੇ ਇਸ ਵਾਰ ਕਾਂਗਰਸ ਵਿਚ ਮਾਮਲਾ ਥੋੜ੍ਹਾ ਗੰਭੀਰ ਹੈ। ਮਾਹੌਲ ਲਗਪਗ ਉਸੇ ਤਰ੍ਹਾਂ ਦਾ ਹੀ ਹੈ ਕਿਉਂਕਿ ਪਿਛਲੀ ਵਾਰ ਵਾਂਗ ਇਸ ਵਾਰ ਵੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਬਿਮਾਰ ਹਨ ਤੇ ਦਿੱਲੀ ਤੋਂ ਬਾਹਰ ਹਨ। ਨਾਲ ਰਾਹੁਲ ਗਾਂਧੀ ਵੀ ਮੌਜੂਦ ਹਨ ਤੇ ਦਿੱਲੀ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਮੋਰਚਾ ਸੰਭਾਲਿਆਂ ਹੈ ਜੋ ਸੀਨੀਅਰਾਂ ਨੂੰ ਦੂਜੀ ਪਾਰਟੀ ਤਕ 'ਚ ਜਾਣ ਦੀ ਨਸੀਹਤ ਦੇ ਰਹੇ ਹਨ। ਪਰ ਇਸ ਵਾਰ ਸੀਨੀਅਰ ਆਗੂ ਚੁੱਪ ਹੋਣ ਦੀ ਥਾਂ ਲੜਾਈ ਨੂੰ ਅੰਜਾਮ ਤਕ ਲੈ ਜਾਣਾ ਚਾਹੁੰਦੇ ਹਨ। ਇਸ ਦਾ ਇਕ ਤਰੀਕਾ ਇਹ ਹੈ ਕਿ ਰੋਜ਼ਾਨਾ ਕੋਈ ਨਾ ਕੋਈ ਸੀਨੀਅਰ ਆਗੂ ਆਪਣੀ ਗੱਲ ਰੱਖੇ। ਬਿਹਾਰ ਤੋਂ ਬਾਅਦ ਸਭ ਤੋਂ ਪਹਿਲਾਂ ਕਪਿਲ ਸਿੱਬਲ ਤੇ ਫਿਰ ਚਿਦੰਬਰਮ ਨੇ ਸਵਾਲ ਉਠਾਇਆ ਸੀ। ਐਤਵਾਰ ਨੂੰ ਆਜ਼ਾਦ ਨੇ ਮੋਰਚਾ ਸੰਭਾਲਿਆ ਤੇ ਕਿਹਾ-'ਫਾਈਵ ਸਟਾਰ ਵਿਚ ਬੈਠ ਕੇ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ, ਇੱਥੇ ਤਾਂ ਲੋਕ ਟਿਕਟ ਮਿਲਣ ਤੋਂ ਬਾਅਦ ਫਾਈਵ ਸਟਾਰ ਵਿਚ ਵੀ ਡੀਲਕਸ ਕਮਰੇ ਲੱਭਦੇ ਹਨ, ਜਿੱਥੇ ਸੜਕਾਂ ਖ਼ਰਾਬ ਹੋਣ ਉੱਥੇ ਨਹੀਂ ਜਾਣਾ ਚਾਹੁੰਦੇ।' ਉਨ੍ਹਾਂ ਅੱਗੇ ਕਿਹਾ-'ਜ਼ਿਲ੍ਹਾ ਪ੍ਰਧਾਨ, ਸੂਬਾ ਪ੍ਰਧਾਨ ਜੇ ਚੋਣਾਂ ਜਿੱਤ ਕੇ ਆਉਂਦਾ ਹੈ ਤਾਂ ਉਸ ਨੂੰ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ...ਇੱਥੇ ਤਾਂ ਕੋਈ ਵੀ ਬਣ ਜਾਂਦਾ ਹੈ।' ਉਹ ਇਹ ਯਾਦ ਦਿਵਾਉਣ ਤੋਂ ਵੀ ਨਹੀਂ ਖੁੰਝੇ ਕਿ ਕਾਂਗਰਸ 72 ਸਾਲ ਦੇ ਆਪਣੇ ਹੇਠਲੇ ਆਧਾਰ 'ਤੇ ਹੈ ਤੇ ਦੋ ਲੋਕ ਸਭਾਵਾਂ ਵਿਚ ਪਾਰਟੀ ਦਾ ਵਿਰੋਧੀ ਧਿਰ ਨੇਤਾ ਤਕ ਨਹੀਂ ਹੈ। ਉਂਜ ਤਾਂ ਉਨ੍ਹਾਂ ਨੇ ਗਾਂਧੀ ਪਰਿਵਾਰ ਨੂੰ ਬਿਹਾਰ ਹਾਰ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਉਹ ਬਹੁਤ ਕੁਝ ਕਰ ਵੀ ਨਹੀਂ ਸਕਦੇ ਸਨ ਪਰ ਅਸਿੱਧੇ ਤੌਰ 'ਤੇ ਨਿਸ਼ਾਨਾ ਲੀਡਰਸ਼ਿਪ ਹੀ ਸੀ।

ਧਿਆਨ ਰਹੇ ਕਿ ਸੋਨੀਆ ਨੂੰ ਨਾਰਾਜ਼ਗੀ ਭਰਿਆ ਪੱਤਰ ਲਿਖਣ ਵਾਲੇ 23 ਆਗੂਆਂ ਦੀ ਅਗਵਾਈ ਆਜ਼ਾਦ ਨੇ ਹੀ ਕੀਤੀ ਸੀ। ਦੋ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ 'ਚ ਤਿੰਨ ਮੈਂਬਰੀ ਕਮੇਟੀ ਬਣਾ ਕੇ ਸੋਨੀਆ ਗਾਂਧੀ ਨੇ ਕੁਝ ਸੀਨੀਅਰ ਆਗੂਆਂ ਨੂੰ ਵੀ ਉਸ ਵਿਚ ਸ਼ਾਮਲ ਕੀਤਾ ਸੀ। ਸਪੱਸ਼ਟ ਤੌਰ 'ਤੇ ਇਹ ਉਨ੍ਹਾਂ ਨੂੰ ਨਰਮ ਕਰਨ ਲਈ ਸੀ ਪਰ ਦੱਸਿਆ ਜਾਂਦਾ ਹੈ ਕਿ ਨਾਰਾਜ਼ ਸੀਨੀਅਰ ਆਗੂ ਮਾੜਾ-ਮੋਟਾ ਨਹੀਂ ਬਲਕਿ ਵੱਡੇ ਪੱਧਰ 'ਤੇ ਪਾਰਟੀ ਵਿਚ ਸੁਧਾਰ ਚਾਹੁੰਦੇ ਹਨ ਜਿੱਥੇ ਜ਼ਮੀਨੀ ਆਧਾਰ 'ਤੇ ਪਾਰਟੀ ਦੀਆਂ ਕਮਜ਼ੋਰੀਆਂ ਦੀ ਸਮੀਖਿਆ ਹੋਵੇ ਯੋਗਤਾ ਦੇ ਆਧਾਰ 'ਤੇ ਜ਼ਿਮੇਵਾਰੀ ਦੀ ਵੰਡ ਹੋਵੇ।

Posted By: Sunil Thapa