ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਸੰਕਟ ਵਿਚਾਲੇ ਸੁਰੱਖਿਅਤ ਚੋਣਾਂ ਕਰਵਾਉਣ ’ਚ ਲੱਗੇ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਤਹਿਤ ਹੁਣ ਉਹ ਹਰ ਪੜਾਅ ’ਚ ਉਮੀਦਵਾਰਾਂ ਦੀ ਨਾਮਜ਼ਦਗੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਛੋਟੀਆਂ ਰੈਲੀਆਂ ਕਰ ਸਕਣਗੇ। ਹਾਲਾਂਕਿ, ਇਸ ’ਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਪੰਜ ਸੌ ਹੀ ਰਹੇਗੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਪਹਿਲੇ ਤੇ ਦੂਜੇ ਪੜਾਅ ਦੀ ਚੋਣ ’ਚ ਛੋਟੀਆਂ ਰੈਲੀਆਂ ਕਰਨ ਦੀ ਸਮਾਂ-ਹੱਦ ਤੈਅ ਕਰ ਦਿੱਤੀ ਹੈ। ਹਾਲਾਂਕਿ, ਇਸ ਰਾਹਤ ਦੇ ਨਾਲ ਹੀ ਕਮਿਸ਼ਨ ਨੇ ਰੋਡ ਸ਼ੋਅ ਤੇ ਰੈਲੀਆਂ ’ਤੇ ਲੱਗੀ ਪਾਬੰਦੀ ਨੂੰ 31 ਜਨਵਰੀ ਤਕ ਲਈ ਵਧਾ ਦਿੱਤਾ ਹੈ।

ਚੋਣ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਚੋਣ ਵਾਲੇ ਪੰਜ ਸੂਬਿਆਂ ਦੇ ਉੱਚ ਅਧਿਕਾਰੀਆਂ ਨਾਲ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਦੀ ਸਮੀਖਿਆ ਤੋਂ ਬਾਅਦ ਕੁਝ ਛੋਟਾਂ ਦਾ ਐਲਾਨ ਕੀਤਾ। ਡੋਰ ਟੂ ਡੋਰ ਹੋਣ ਵਾਲੇ ਪ੍ਰਚਾਰ ’ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ। ਹਾਲੇ ਤਕ ਡੋਰ ਟੂ ਡੋਰ ਪ੍ਰਚਾਰ ਲਈ ਸੁਰੱਖਿਆ ਦਸਤਿਆਂ ਤੋਂ ਇਲਾਵਾ ਸਿਰਫ਼ ਪੰਜ ਲੋਕਾਂ ਨੂੰ ਹੀ ਇਜਾਜ਼ਤ ਸੀ। ਪਰ ਹੁਣ ਇਨ੍ਹਾਂ ’ਚ ਸੁਰੱਖਿਆ ਦਸਤਿਆਂ ਤੋਂ ਇਲਾਵਾ 10 ਲੋਕ ਸ਼ਾਮਲ ਹੋ ਸਕਣਗੇ। ਦੱਸਣਯੋਗ ਹੈ ਕਿ ਪੰਜਾਬੀ ਜਾਗਰਣ ਨੇ ਸ਼ਨਿਚਰਵਾਰ ਨੂੰ ਆਪਣੇ ਅੰਕ ’ਚ ਹੀ ਚੋਣ ਕਮਿਸ਼ਨ ਦੀ ਇਸ ਤਿਆਰੀ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ।

ਕਮਿਸ਼ਨ ਨੇ ਸਾਫ਼ ਕੀਤਾ ਹੈ ਕਿ ਇਨ੍ਹਾਂ ਚੋਣ ਰੈਲੀਆਂ ’ਚ ਵੱਧ ਤੋਂ ਵੱਧ 500 ਲੋਕਾਂ ਜਾਂ ਫਿਰ ਜਿਸ ਮੈਦਾਨ ’ਚ ਰੈਲੀ ਹੋ ਰਹੀ ਹੈ, ਉਸ ਦੀ ਸਮਰੱਥਾ ਦੇ ਅੱਧ ’ਚੋਂ ਵੀ ਜਿਹੜਾ ਘੱਟ ਹੋਵੇਗਾ, ਉਹੀ ਮੰਨਿਆ ਜਾਵੇਗਾ। ਮੈਦਾਨ ਦੀ ਸਮਰੱਥਾ ਨੂੰ ਸੂਬਾਈ ਆਫਤ ਮੈਨੇਜਮੈਂਟ ਅਥਾਰਟੀ (ਐੱਸਡੀਐੱਮਏ) ਤੈਅ ਕਰੇਗੀ।

ਵੈਨ ’ਚ ਪ੍ਰਚਾਰ ਦੀ ਇਜਾਜ਼ਤ

- ਕਮਿਸ਼ਨ ਨੇ ਵੀਡੀਓ ਵੈਨ ਜ਼ਰੀਏ ਪ੍ਰਚਾਰ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਇਸ ਦੇ ਜ਼ਰੀਏ ਸਿਰਫ਼ ਖੁੱਲ੍ਹੇ ਇਲਾਕਿਆਂ ’ਚ ਪ੍ਰਚਾਰ ਦੀ ਇਜਾਜ਼ਤ ਹੋਵੇਗੀ।

- ਇਨ੍ਹਾਂ ਪ੍ਰੋਗਰਾਮਾਂ ’ਚ ਵੱਧ ਤੋਂ ਵੱਧ ਪੰਜ ਲੋਕਾਂ ਦੀ ਜਾਂ ਫਿਰ ਮੈਦਾਨ ਦੀ ਕੁੱਲ ਸਮਰੱਥਾ ਦੀ ਅੱਧੀ ਭੀੜ ਇਕੱਠੀ ਕਰਨ ਦੀ ਇਜਾਜ਼ਤ ਹੋਵੇਗੀ।

- ਕਮਿਸ਼ਨ ਨੇ ਇਸ ਤੋਂ ਪਹਿਲਾਂ ਵੱਧ ਤੋਂ ਵੱਧ 300 ਲੋਕਾਂ ਜਾਂ ਫਿਰ ਹਾਲ ਦੀ ਸਮਰੱਥਾ ਤੋਂ ਅੱਧੇ ਇਕੱਠ ਨਾਲ ਇਨਡੋਰ ਬੈਠਕਾਂ ਕਰਨ ਦੀ ਇਜਾਜ਼ਤ ਸੀ।

ਛੋਟੀਆਂ ਰੈਲੀਆਂ ਕਰਨ ਦੀ ਇਹ ਹੋਵੇਗੀ ਸਮਾਂ-ਹੱਦ

- ਚੋਣ ਕਮਿਸ਼ਨ ਨੇ ਪਹਿਲੇ ਤੇ ਦੂਜੇ ਪੜਾਅ ’ਚ ਛੋਟੀਆਂ ਰੈਲੀਆਂ ਕਰਨ ਦੀ ਇਕ ਸਮਾਂ-ਹੱਦ ਵੀ ਤੈਅ ਕੀਤੀ ਹੈ।

- ਪਹਿਲੇ ਪੜਾਅ ’ਚ ਅਜਿਹੀਆਂ ਰੈਲੀਆਂ 28 ਜਨਵਰੀ ਤੋਂ ਅੱਠ ਫਰਵਰੀ ਨੂੰ ਚੋਣ ਪ੍ਰਚਾਰ ਖ਼ਤਮ ਹੋਣ ਤਕ ਕੀਤੀਆਂ ਜਾ ਸਕਣਗੀਆਂ।

- ਦੂਜੇ ਪੜਾਅ ’ਚ ਛੋਟੀਆਂ ਰੈਲੀਆਂ ਕਰਨ ਦੀ ਛੋਟ ਇਕ ਫਰਵਰੀ ਤੋਂ 12 ਫਰਵਰੀ ਨੂੰ ਚੋਣ ਪ੍ਰਚਾਰ ਖ਼ਤਮ ਹੋਣ ਤਕ ਰਹੇਗੀ।

31 ਜਨਵਰੀ ਨੂੰ ਹਾਲਾਤ ਦੀ ਮੁੜ ਸਮੀਖਿਆ ਕਰੇਗਾ ਕਮਿਸ਼ਨ

ਚੋਣ ਕਮਿਸ਼ਨ 31 ਜਨਵਰੀ ਨੂੰ ਮੁੜ ਹਾਲਾਤ ਦੀ ਸਮੀਖਿਆ ਕਰੇਗਾ। ਇਸ ਤੋਂ ਬਾਅਦ ਨਵੇਂ ਕਦਮ ਚੁੱਕਣ ਜਾਂ ਫਿਰ ਰਾਹਤ ਦੇਣ ਦਾ ਫ਼ੈਸਲਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਰੈਲੀਆਂ ਤੇ ਰੋਡ ਸ਼ੋਅ ’ਤੇ ਪਾਬੰਦੀ ਲਗਾਈ ਹੋਈ ਹੈ।

Posted By: Jagjit Singh