ਨਵੀਂ ਦਿੱਲੀ : ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਦਹਾਕਿਆਂ ਪੁਰਾਣੀ ਯੋਜਨਾ ਹੁਣ ਅਮਲੀ ਜਾਮਾ ਪਹਿਨਦੀ ਦਿਸ ਰਹੀ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਨਵੀਂ ਦਿੱਲੀ ਰੇਲਵੇ ਸਟੇਸ਼ਨ, ਮੁੰਬਈ ਸਥਿਤ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐੱਸਐੱਮਟੀ) ਤੇ ਅਹਿਮਦਾਬਾਦ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਐਲਾਨ ਕੀਤਾ। ਫ਼ੈਸਲਾ ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ (ਸੀਸੀਈਏ) ਦੀ ਬੈਠਕ ’ਚ ਹੋਇਆ। ਇਨ੍ਹਾਂ ਤਿੰਨਾਂ ਪ੍ਰਾਜੈਕਟਾਂ ’ਤੇ ਸਰਕਾਰ ਵੱਲੋਂ 10 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।

ਸੀਸੀਈਏ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਵਿਕਾਸ ਕਾਰਜ ਸਾਢੇ ਤਿੰਨ ਸਾਲਾਂ ’ਚ ਪੂਰਾ ਹੋ ਜਾਵੇਗਾ ਜਦਕਿ ਬਾਕੀ ਦੋਵੇਂ ਸਟੇਸ਼ਨਾਂ ਦੇ ਨਿਰਮਾਣ ਦਾ ਕੰਮ ਢਾਈ ਸਾਲਾਂ ’ਚ ਪੂਰਾ ਹੋਵੇਗਾ। ਸਰਕਾਰ ਪਿਛਲੇ ਇਕ ਦਹਾਕੇ ’ਚ ਕਈ ਵਾਰ ਨਿੱਜੀ ਖੇਤਰ ਦੀ ਮਦਦ ਨਾਲ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀ ਨੁਹਾਰ ਬਦਲਣ ’ਤੇ ਵਿਚਾਰ ਕਰ ਚੁੱਕੀ ਹੈ ਪਰ ਹੁਣ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਉਕਤ ਤਿੰਨਾਂ ਰੇਲਵੇ ਸਟੇਸ਼ਨਾਂ ਲਈ ਪੈਸੇ ਦਾ ਪ੍ਰਬੰਧ ਸਰਕਾਰੀ ਖ਼ਜ਼ਾਨੇ ’ਚੋਂ ਹੋਵੇਗਾ। ਆਮ ਬਜਟ 2022-23 ’ਚ ਇਸ ਮੱਦ ਲਈ ਕੁਝ ਤਜਵੀਜ਼ਾਂ ਵੀ ਕੀਤੀਆਂ ਗਈਆਂ ਹਨ।

ਰੇਲ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਸਟੇਸ਼ਨਾਂ ਦੇ ਨਿਰਮਾਣ ’ਚ ਵਾਤਾਵਰਨ ਦਾ ਖ਼ਾਸ ਤੌਰ ’ਤੇ ਖਿਆਲ ਰੱਖਿਆ ਜਾਵੇਗਾ। ਇਨ੍ਹਾਂ ਨੂੰ ਇੰਟੈਲੀਜੈਂਸ ਬਿਲਡਿੰਗ ਦੇ ਕੰਸੈਪਟ ’ਤੇ ਤਿਆਰ ਕੀਤਾ ਜਾਵੇਗਾ ਜਿੱਥੇ ਘੱਟ ਊਰਜਾ ਨਾਲ ਵੱਧ ਤੋਂ ਵੱਧ ਕੰਮ ਕਰਨ ਦੀ ਵਿਵਸਥਾ ਹੋਵੇਗੀ। ਤਿੰਨਾਂ ਸਟੇਸ਼ਨਾਂ ’ਤੇ ਬੱਸਾਂ ਤੇ ਦੂਜੇ ਜਨਤਕ ਵਾਹਨਾਂ ਦੇ ਆਉਣ-ਜਾਣ ਤੇ ਨਿੱਜੀ ਵਾਹਨਾਂ ਦੀ ਪਾਰਕਿੰਗ ਦੀ ਪੂਰੀ ਵਿਵਸਥਾ ਹੋਵੇਗੀ। ਨਵੀਂ ਦਿੱਲੀ ਸਟੇਸ਼ਨ ਤਾਂ ਮੈਟਰੋ ਤੇ ਬੱਸ ਸਟੈਂਡ ਨਾਲ ਜੁਡ਼ੇ ਹੋਣ ਕਾਰਨ ਇਕ ਵੱਡੇ ਟਰਾਂਸਪੋਰਟ ਹੱਬ ਵਜੋਂ ਵਿਕਸਿਤ ਹੋਵੇਗਾ।

Posted By: Sandip Kaur