ਜੇਐੱਨਐੱਨ, ਨਵੀਂ ਦਿੱਲੀ : ਚੱਕਰਵਾਤੀ ਤੂਫ਼ਾਨ 'ਵਾਯੂ' ਦੇ ਵੀਰਵਾਰ ਸਵੇਰੇ ਗੁਜਰਾਤ ਤਟ ਨਾਲ ਟਕਰਾਉਣ ਤੇ ਇਸ ਦੌਰਾਨ ਆਲੇ ਦੁਆਲੇ ਦੇ ਸੂਬਿਆਂ 'ਚ ਭਾਰੀ ਤਬਾਹੀ ਦੇ ਖ਼ਦਸ਼ੇ ਨੂੰ ਦੇਖਦਿਆਂ ਕੇਂਦਰ ਸਰਕਾਰ ਇਸ ਤੋਂ ਬਚਾਅ ਦੀਆਂ ਤਿਆਰੀਆਂ 'ਚ ਲੱਗ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੈਬਨਿਟ ਸਕੱਤਰ ਪੀਕੇ ਸਿਨਹਾ ਨੇ ਵੱਖ-ਵੱਖ ਉੱਚ ਪੱਧਰੀ ਬੈਠਕਾਂ 'ਚ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਸ਼ਾਹ ਨੇ ਗੁਜਰਾਤ ਸਰਕਾਰ ਤੇ ਦੀਵ ਪ੍ਰਸ਼ਾਸਨ ਨੂੰ ਤੂਫ਼ਾਨ ਨਾਲ ਟਕਰਾਉਣ ਵਾਲੇ ਇਲਾਕਿਆਂ ਤੋਂ ਹਰ ਵਿਅਕਤੀ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਤੇ ਘੱਟੋ-ਘੱਟ ਨੁਕਸਾਨ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ। ਗੁਜਰਾਤ ਤੇ ਦੀਵ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਹੈ ਕਿ ਅਰਬ ਸਾਗਰ ਦੇ ਉੱਪਰ ਬਣੇ ਘੱਟ ਦਬਾਅ ਕਾਰਨ ਪੈਦਾ ਹੋਏ ਚੱਕਰਵਾਤ 'ਵਾਯੂ' ਦੇ 13 ਜੂਨ ਦੀ ਸਵੇਰ 110-120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੋਰਬੰਦਰ ਤੇ ਮਹੁਆ ਵਿਚਕਾਰ ਵੇਰਾਵਲ ਤੇ ਦੀਵ ਦੇ ਇਲਾਕੇ ਦੇ ਆਲੇ ਦੁਆਲੇ ਗੁਜਰਾਤ ਤਟ ਨਾਲ ਟਕਰਾਉਣ ਦਾ ਖ਼ਦਸ਼ਾ ਹੈ। ਵਿਭਾਗ ਨੇ ਅਗਲੇ 24 ਘੰਟਿਆਂ 'ਚ ਇਸ ਦੇ ਹੋਰ ਤੇਜ਼ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਸ ਨਾਲ ਗੁਜਰਾਤ ਤੇ ਸੌਰਾਸ਼ਟਰ ਤੇ ਕੱਛ ਤੇ ਤਟੀ ਜ਼ਿਲ੍ਹਿਆਂ 'ਚ ਜ਼ਬਰਦਸਤ ਬਾਰਸ਼ ਤੇ ਇਕ ਤੋਂ ਡੇਢ ਮੀਟਰ ਉੱਚਾ ਸਮੁੰਦਰੀ ਜਵਾਰ ਉੱਠਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜ਼ਾਹਿਰ ਹੈ ਕਿ ਇਸ ਨਾਲ ਕੱਛ, ਦਵਾਰਿਕਾ, ਪੋਰਬੰਦਰ, ਜੂਨਾਗੜ੍ਹ, ਦੀਵ, ਗਿਰ-ਸੋਮਨਾਥ, ਅਮਰੇਲੀ ਤੇ ਭਾਵਨਗਰ ਜ਼ਿਲ੍ਹੇ ਦੇ ਹੇਠਲੇ ਤਟੀ ਇਲਾਕਿਆਂ 'ਚ ਹੜ੍ਹ ਦੀ ਸੰਭਾਵਨਾ ਹੈ। ਮੁੰਬਈ ਦੇ ਤਟੀ ਇਲਾਕਿਆਂ ਦੇ ਲੋਕ ਵੀ ਇਸ ਤੋਂ ਪ੍ਰਭਾਵਿਤ ਹੋਣਗੇ ਪਰ ਉੱਥੇ ਵਧੇਰੇ ਗੰਭੀਰ ਸਥਿਤੀ ਨਹੀਂ ਹੋਵੇਗੀ, ਕਿਉਂਕਿ ਤੂਫ਼ਾਨ ਮੁੰਬਈ ਤਟ ਤੋਂ ਢਾਈ ਸੌ ਤੋਂ ਤਿੰਨ ਕਿਲੋਮੀਟਰ ਦੂਰ ਟਕਰਾਏਗਾ। ਹਾਲਾਂਕਿ ਉਸ ਤੋਂ ਪਹਿਲਾਂ ਮੁੰਬਈ 'ਚ ਜ਼ਬਰਦਸਤ ਬਾਰਸ਼ ਦਾ ਖ਼ਦਸ਼ਾ ਹੈ। ਸੋਮਵਾਰ ਨੂੰ ਮੁੰਬਈ 'ਚ ਬਾਰਸ਼ ਹੋਈ ਸੀ।

ਇਸ ਨੂੰ ਦੇਖਦਿਆਂ ਮੌਸਮ ਵਿਭਾਗ ਨੂੰ ਲਗਾਤਾਰ ਬੁਲੇਟਿਨ ਜਾਰੀ ਕਰ ਕੇ ਤੂਫ਼ਾਨ ਬਾਰੇ ਤਾਜ਼ਾ ਜਾਣਕਾਰੀ ਮੁਹੱਈਆ ਕਰਵਾਉਣ ਨੂੰ ਕਿਹਾ ਗਿਆ ਹੈ।