ਜੇਐੱਨਐੱਨ, ਨਵੀਂ ਦਿੱਲੀ : ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਤਹਿਤ ਲਏ ਗਏ 90.72 ਕਰੋੜ ਰੁਪਏ ਦੀ ਗ਼ਲਤ ਵਰਤੋਂ ਦੇ ਮਾਮਲੇ ਵਿਚ ਕਾਰਪੋਰੇਟ ਲਾਬਿਸਟ ਦੀਪਕ ਤਲਵਾੜ 'ਤੇ ਸ਼ਿਕੰਜਾ ਕੱਸਦਾ ਹੀ ਜਾ ਰਿਹਾ ਹੈ। ਸੀਬੀਆਈ ਨੇ ਹੁਣ ਤਲਵਾੜ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੇ ਜਾਣ ਦੀ ਇਜਾਜ਼ਤ ਮੰਗੀ ਹੈ। ਸੀਬੀਆਈ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਗ਼ੈਰ-ਸਰਕਾਰੀ ਸੰਗਠਨ ਐਡਵਾਂਟੇਜ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਸਕੱਤਰ ਮਨੀਸ਼ ਗਰਗ ਤੋਂ ਜਵਾਬ ਮੰਗਿਆ ਹੈ। ਦੀਪਕ ਤਲਵਾੜ ਐਡਵਾਂਟੇਜ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਧਾਨ ਰਹਿ ਚੁੱਕੇ ਹਨ। ਮਾਮਲੇ ਦੀ ਅਗਲੀ ਸੁਣਵਾਈ 27 ਫਰਵਰੀ ਨੂੰ ਹੋਵੇਗੀ। ਦੁਬਈ ਤੋਂ ਹਵਾਲਗੀ ਕਰਕੇ ਭਾਰਤ ਲਿਆਏ ਗਏ ਦੀਪਕ ਤਲਵਾੜ ਨੇ ਈਡੀ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਈਡੀ ਵੱਲੋਂ ਹਿਰਾਸਤ ਵਿਚ ਲਏ ਜਾਣ ਨੂੰ ਗ਼ੈਰ-ਕਾਨੂੰਨੀ ਦੱਸਿਆ ਹੈ। ਈਡੀ ਪਿੱਛੋਂ ਹੁਣ ਮੰਗਲਵਾਰ ਨੂੰ ਸੀਬੀਆਈ ਨੇ ਪਟੀਸ਼ਨ ਦਾਇਰ ਕਰ ਕੇ ਤਲਵਾੜ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਸੀਬੀਆਈ ਨੇ ਦਾਅਵਾ ਕੀਤਾ ਕਿ ਡੀਲ ਵਿਚ ਵਿਦੇਸ਼ੀ ਹਿੱਸਾ ਐੱਨਜੀਓ ਵੱਲੋਂ ਲਿਆ ਗਿਆ ਅਤੇ ਫਿਰ ਇਸ ਦੀ ਵਰਤੋਂ ਹੋਰ ਚੀਜ਼ਾਂ ਲਈ ਕੀਤੀ ਗਈ। ਤਲਵਾੜ ਨੂੰ ਦੁਬਈ ਵਿਚ 30 ਜਨਵਰੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਇਸ ਪਿੱਛੋਂ ਦੁਬਈ ਵਾਸੀ ਕਾਰੋਬਾਰੀ ਰਾਜੀਵ ਸਕਸੈਨਾ ਨਾਲ 31 ਜਨਵਰੀ ਨੂੰ ਭਾਰਤ ਲਿਆਇਆ ਗਿਆ ਸੀ। ਈਡੀ ਦਾ ਦੋਸ਼ ਹੈ ਕਿ ਤਲਵਾੜ ਨੇ ਵਿਦੇਸ਼ੀ ਨਿੱਜੀ ਏਅਰਲਾਈਨਜ਼ ਦਾ ਪੱਖ ਲੈਣ ਲਈ ਵਿਚੌਲੀਏ ਦਾ ਕੰਮ ਕੀਤਾ। ਇਸ ਨਾਲ ਭਾਰਤ ਦੀ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ। ਇਸ ਦੇ ਬਦਲੇ ਉਨ੍ਹਾਂ ਦੀ ਕੰਪਨੀ ਨੂੰ 23 ਅਪ੍ਰੈਲ, 2008 ਤੋਂ ਛੇ ਫਰਵਰੀ, 2009 ਵਿਚਕਾਰ ਵਿਦੇਸ਼ੀ ਏਅਰਲਾਈਨਜ਼ ਕੰਪਨੀਆਂ ਤੋਂ 6.05 ਕਰੋੜ ਡਾਲਰ ਮਿਲੇ ਸਨ। ਸੀਬੀਆਈ ਅਤੇ ਈਡੀ ਤਲਵਾੜ ਖ਼ਿਲਾਫ਼ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਲਈ ਗਈ 90.72 ਕਰੋੜ ਰੁਪਏ ਦੀ ਗ਼ਲਤ ਵਰਤੋਂ ਦੀ ਜਾਂਚ ਕਰ ਰਹੀ ਹੈ।