ਨਵੀਂ ਦਿੱਲੀ : ਸੰਸਦ 'ਚ ਮੰਗਲਵਾਰ ਨੂੰ ਰਾਫੇਲ ਸੌਦੇ ਨੂੰ ਲੈ ਕੇ Cag (Comptroller and Auditor General of India) ਦੀ ਰਿਪੋਰਟ ਪੇਸ਼ ਹੋ ਸਕਦੀ ਹੈ। ਸੋਮਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ Cag ਦੀ ਰਿਪੋਰਟ ਭੇਜੀ ਗਈ। ਹਾਲਾਂਕਿ ਕਾਂਗਰਸ ਨੇ ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ ਹੀ ਕੈਗ ਦੀ ਨਿਰਪੱਖਤਾ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ।

ਕਾਂਗਰਸ ਨੇ Cag ਰਾਜੀਵ ਮਹਾਰਿਸ਼ੀ 'ਤੇ ਹੀ ਰਾਫੇਲ ਸੌਦੇ 'ਚ ਮਿਲੀਭੁਗਤ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਇਹ ਸੌਦਾ ਹੋਇਆ ਸੀ, ਉਦੋਂ ਉਹ ਵਿੱਤ ਸਕੱਤਰ ਸਨ। ਇਸ ਤਰ੍ਹਾਂ ਉਹ ਰਿਪੋਰਟ ਦੇ ਜ਼ਰੀਏ ਸਰਕਾਰ ਅਤੇ ਆਪਣਾ ਖ਼ੁਦ ਦਾ ਪੂਰਾ ਬਚਾਅ ਕਰਨਗੇ।

ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਚਰਚਾ 'ਚ ਇਹ ਦੋਸ਼ ਲਾਇਆ। ਇਸ ਦੌਰਾਨ ਉਨ੍ਹਾਂ ਸਰਕਾਰ 'ਚ ਕੰਮ ਕਰ ਰਹੇ ਅਫ਼ਸਰਾਂ ਨੂੰ ਅਸਿੱਧੇ ਤੌਰ 'ਤੇ ਧਮਕੀ ਵੀ ਦਿੱਤੀ ਅਤੇ ਕਿਹਾ ਕਿ ਉਹ ਵੀ ਪਹਿਲਾਂ ਸਰਕਾਰ 'ਚ ਸਨ, ਅੱਗੇ ਵੀ ਰਹਿਣਗੇ। ਇਸ ਤਰ੍ਹਾਂ ਸਰਕਾਰ ਪ੍ਰਤੀ ਜ਼ਿਆਦਾ ਵਫਾਦਾਰੀ ਦਿਖਾਉਣ ਵਾਲੇ ਅਫ਼ਸਰਾਂ 'ਤੇ ਉਨ੍ਹਾਂ ਦੀ ਪੂਰੀ ਨਜ਼ਰ ਹੈ।

ਕਾਂਗਰਸ ਦੇ ਇਸ ਰੁਖ਼ ਤੋਂ ਸਾਫ਼ ਹੈ ਕਿ ਉਹ ਕੈਗ ਦੀ ਰਿਪੋਰਟ ਨੂੰ ਵੀ ਸਿਆਸੀ ਰੰਗਤ ਦੇਵੇਗੀ। ਹਾਲਾਂਕਿ, ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਖ਼ੁਦ ਹੀ ਦੋ ਵਾਰ Cag ਨਾਲ ਮੁਲਾਕਾਤ ਕਰਕੇ ਰਾਫੇਲ ਸੌਦੇ ਦੀ ਜਾਂਚ ਕਰਨ ਦੀ ਮੰਗ ਕਰ ਚੁੱਕੀ ਹੈ। ਹੁਣ ਜਦੋਂ ਰਿਪੋਰਟ ਆਉਣ ਵਾਲੀ ਹੈ, ਕਾਂਗਰਸ ਦਾ ਰੁਖ ਅਚਾਨਕ ਬਦਲ ਗਿਆ ਹੈ। ਉਸ ਨੇ ਹੁਣ ਇਸ ਮਾਮਲੇ 'ਚ ਸਿੱਧੇ ਕੈਗ 'ਤੇ ਨਿਸ਼ਾਨਾ ਸਾਧਿਆ ਹੈ।

ਸਿੱਬਲ ਨੇ ਕਿਹਾ ਕਿ ਅਕਤੂਬਰ 2014 ਤੋਂ ਅਗਸਤ 2015 ਦੌਰਾਨ ਰਾਜੀਵ ਮਹਾਰਿਸ਼ੀ ਕੇਂਦਰ ਸਰਕਾਰ 'ਚ ਵਿੱਤੀ ਸਕੱਤਰ ਰਹੇ ਹਨ। ਇਸੇ ਦੌਰ 'ਚ ਰਾਫੇਲ ਦੇ 124 ਜਹਾਜ਼ਾਂ ਦਾ ਪੂਰਾ ਸੌਦਾ ਰੱਦ ਕੀਤਾ ਗਿਆ ਅਤੇ ਨਵਾਂ ਸੌਦਾ ਕੀਤਾ ਗਿਆ। ਇਸ ਪੂਰੀ ਖ਼ਰੀਦ 'ਚ ਵਿੱਤ ਸਕੱਤਰ ਦੀ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਦੀ ਹੀ ਦੇਖਰੇਖ 'ਚ ਖਰੀਦ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਇਸ ਤਰ੍ਹਾਂ ਉਹ ਆਪਣੇ ਖ਼ਿਲਾਫ਼ ਕਿਵੇਂ ਫੈਸਲਾ ਸੁਣਾ ਸਕਦੇ ਹਨ।

ਜ਼ਿਕਰਯੋਗ ਹੈ ਕਿ Cag ਦੇ ਅਹੁਦੇ 'ਤੇ ਮੌਜੂਦਾ ਸਮੇਂ 'ਚ ਰਾਜੀਵ ਮਹਾਰਿਸ਼ੀ ਤਾਇਨਾਤ ਹਨ। ਹਾਲਾਂਕਿ, ਕਾਂਗਰਸ ਵੱਲੋਂ ਪਹਿਲੀ ਵਾਰ ਉਨ੍ਹਾਂ ਖ਼ਿਲਾਫ਼ ਇਸ ਤਰ੍ਹਾਂ ਦਾ ਦੋਸ਼ ਲਾਇਆ ਗਿਆ ਹੈ। ਸਿੱਬਲ ਨੇ ਇਸ ਦੌਰਾਨ ਸੁਪਰੀਮ ਕੋਰਟ ਦੇ ਫ਼ੈਸਲੇ 'ਚ Cag ਰਿਪੋਰਟ ਦੇ ਪੇਸ਼ ਹੋਣ ਦੇ ਜ਼ਿਕਰ 'ਤੇ ਵੀ ਸਵਾਲ ਉਠਾਇਆ ਅਤੇ ਕਿਹਾ ਕਿ ਸ਼ਾਇਦ ਸਰਕਾਰ ਨੂੰ ਪਹਿਲਾਂ ਤੋਂ ਪਤਾ ਸੀ ਕਿ ਰਿਪੋਰਟ 'ਚ ਕੀ ਹੋਣ ਵਾਲਾ ਹੈ। ਉਦੋਂ ਉਸ ਨੇ ਸੁਪਰੀਮ ਕੋਰਟ ਨੂੰ ਵੀ ਇਹ ਜਾਣਕਾਰੀ ਦਿੱਤੀ ਸੀ।

Posted By: Arundeep