ਅਹਿਮਦਾਬਾਦ (ਪੀਟੀਆਈ) : ਅਹਿਮਦਾਬਾਦ 'ਚ ਕੋਰੋਨਾ ਦੇ ਇਕ ਮਰੀਜ਼ ਦੀ ਲਾਸ਼ ਲਾਵਾਰਿਸ ਹਾਲਤ 'ਚ ਬੱਸ ਸਟਾਪ 'ਤੇ ਪਈ ਹੋਈ ਮਿਲੀ। ਮਿ੍ਤਕ ਦੇ ਪਰਿਵਾਰ ਨੇ ਇਸ ਘਟਨਾ ਲਈ ਹਸਪਤਾਲ ਦੇ ਮੁਲਾਜ਼ਮਾਂ ਅਤੇ ਪੁਲਿਸ ਨੂੰ ਦੋਸ਼ੀ ਠਹਿਰਾਇਆ ਹੈ। ਮੁੱਖ ਮੰਤਰੀ ਵਿਜੇ ਰੂਪਾਣੀ ਨੇ ਸਾਬਕਾ ਮੁੱਖ ਸਕੱਤਰ (ਸਿਹਤ) ਜੇਪੀ ਗੁਪਤਾ ਨੂੰ ਜਾਂਚ ਕਰ ਕੇ 24 ਘੰਟੇ ਅੰਦਰ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ।

ਛਗਨ ਮਕਵਾਨਾ ਨੂੰ 13 ਮਈ ਨੂੰ ਜਾਂਚ ਵਿਚ ਕੋਰੋਨਾ ਪਾਜ਼ੇਟਿਵ ਪਾਏ ਜਾਣ ਪਿੱਛੋਂ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੂੰ ਕੁਆਰੰਟਾਈਨ ਕਰ ਕੇ ਰੱਖਿਆ ਗਿਆ। ਮਕਵਾਨਾ ਦੇ ਭਰਾ ਗੋਵਿੰਦ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ ਸਵੇਰੇ-ਸਵੇਰੇ ਬੀਆਰਟੀਐੱਸ ਬੱਸ ਸਟੇਸ਼ਨ 'ਤੇ ਸੁਰੱਖਿਆ ਕਰਮਚਾਰੀਆਂ ਨੂੰ ਲਾਵਾਰਿਸ ਹਾਲਤ ਵਿਚ ਪਈ ਹੋਈ ਮਿਲੀ। ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਨੇ ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਦੂਜੇ ਹਸਪਤਾਲ 'ਚ ਰਖਵਾ ਦਿੱਤਾ. ਉਨ੍ਹਾਂ ਦੀ ਜੇਬ ਵਿਚ ਰੱਖੇ ਕਾਗਜ਼ ਦੇ ਟੁੱਕੜੇ 'ਤੇ ਉਨ੍ਹਾਂ ਦੇ ਪੁੱਤਰ ਦਾ ਨੰਬਰ ਲਿਖਿਆ ਹੋਇਆ ਸੀ। ਇਸ ਪਿੱਛੋਂ ਪੁਲਿਸ ਨੇ ਸਾਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਤਦ ਤਕ ਪੋਸਟਮਾਰਟਮ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਅਸੀਂ ਕੁਆਰੰਟਾਈਨ ਵਿਚ ਸੀ ਪ੍ਰੰਤੂ ਹਸਪਤਾਲ ਅਧਿਕਾਰੀਆਂ ਨੇ ਸਾਨੂੰ ਆਪਣੇ ਭਰਾ ਦੇ ਬਾਰੇ ਵਿਚ ਸੂਚਿਤ ਕਰਨ ਦੀ ਜ਼ਹਿਮਤ ਨਹੀਂ ਉਠਾਈ ਅਤੇ ਉਨ੍ਹਾਂ ਦੀ ਲਾਸ਼ ਨੂੰ ਬੱਸ ਸਟਾਪ 'ਤੇ ਸੁੱਟ ਦਿੱਤਾ। ਪੁਲਿਸ ਨੇ ਵੀ ਪੋਸਟਮਾਰਟਮ ਲਈ ਲਾਸ਼ ਨੂੰ ਲੈ ਕੇ ਜਾਣ ਤੋਂ ਪਹਿਲੇ ਪੁੱਛਗਿੱਛ ਕਰਨ ਦੀ ਪਰਵਾਹ ਨਹੀਂ ਕੀਤੀ। ਸਥਾਨਕ ਭਾਜਪਾ ਆਗੂ ਗਿਰੀਸ਼ ਪਰਮਾਰ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਹੈ।

ਇਸ ਦੌਰਾਨ, ਸਿਵਲ ਹਸਪਤਾਲ 'ਚ ਕੋਵਿਡ ਲਈ ਵਿਸ਼ੇਸ਼ ਕਾਰਜ ਅਧਿਕਾਰੀ ਐੱਮਐੱਮ ਪ੍ਰਭਾਕਰ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਮਾਮਲੇ ਨੂੰ ਘਰ ਵਿਚ ਆਈਸੋਲੇਸ਼ਨ ਲਈ ਫਿੱਟ ਪਾਇਆ ਅਤੇ ਉਨ੍ਹਾਂ ਨੂੰ ਸਭ ਕੁਝ ਸਮਝਾ ਕੇ ਵਾਪਸ ਘਰ ਜਾਣ ਨੂੰ ਕਿਹਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ? ਉਹ ਸਿਟੀ ਬੱਸ ਰਾਹੀਂ ਹਸਪਤਾਲ ਤੋਂ ਆਪਣੇ ਘਰ ਲਈ ਨਿਕਲੇ ਸਨ।