ਸਟੇਟ ਬਿਊਰੋ, ਜੰਮੂ : ਪੂਰਬੀ ਲੱਦਾਖ ਵਿਚ ਸਰਦੀਆਂ ਦੇ ਮੌਸਮ ਵਿਚ ਸਿਫ਼ਰ ਤੋਂ ਹੇਠਾਂ 40 ਤੋਂ 50 ਡਿਗਰੀ ਹੇਠਾਂ ਤਾਪਮਾਨ ਵਿਚ ਚੀਨ ਨਾਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਭਾਰਤੀ ਫ਼ੌਜ ਨੇ ਪੂਰੀ ਤਿਆਰੀ ਕਰ ਲਈ ਹੈ। 14500 ਫੁੱਟ ਦੀ ਉਚਾਈ 'ਤੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ 'ਤੇ ਭਾਰਤੀ ਫ਼ੌਜ ਮੌਸਮ ਤੇ ਚੀਨ ਦੋਵਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਟੈਂਕ ਤੋਂ ਲੈ ਕੇ ਤੋਪਖ਼ਾਨਾ ਤੇ ਗੋਲ਼ਾ-ਬਾਰੂਦ ਸਮੇਤ ਹੋਰ ਜੰਗੀ ਸਮੱਗਰੀ ਨੂੰ ਪਹਿਲਾਂ ਹੀ ਲੱਦਾਖ ਦੇ ਮੋਰਚੇ 'ਤੇ ਪਹੁੰਚਾਇਆ ਜਾ ਚੁੱਕਾ ਹੈ।

ਪੂਰਬੀ ਲੱਦਾਖ ਵਿਚ ਐੱਲਏਸੀ ਨੇੜੇ ਟੀ-90 ਤੇ ਟੀ-72 ਟੈਂਕ ਨਾਲ ਭਾਰਤੀ ਫ਼ੌਜ ਚੀਨ ਦੇ ਮਨਸੂਬਿਆਂ ਨੂੰ ਬਰਫ਼ ਵਿਚ ਦਫ਼ਨ ਕਰਨ ਦੀ ਤਿਆਰੀ ਕਰ ਚੁੱਕੀ ਹੈ। ਬੀਐੱਮਪੀ-2 ਇਨਫੈਂਟਰੀ ਜੰਗੀ ਵਾਹਨ ਸਿਫ਼ਰ ਤੋਂ 40 ਡਿਗਰੀ ਹੇਠਾਂ ਤਾਪਮਾਨ ਵਿਚ ਕੰਮ ਕਰਦਾ ਹੈ। ਇਸ ਦੇ ਨਾਲ ਹੀ ਦੁਸ਼ਮਣ ਦੀ ਹਰ ਹਰਕਤ 'ਤੇ ਜ਼ਮੀਨ ਤੋਂ ਅਕਾਸ਼ ਤਕ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਮੌਸਮ ਹੈ ਸਭ ਤੋਂ ਵੱਡੀ ਚੁਣੌਤੀ

ਪੂਰਬੀ ਲੱਦਾਖ ਵਿਚ ਸਭ ਤੋਂ ਵੱਡੀ ਚੁਣੌਤੀ ਮੌਸਮ ਹੈ। ਇੱਥੇ ਤਾਪਮਾਨ ਸਿਫ਼ਰ ਤੋਂ 40 ਡਿਗਰੀ ਹੇਠਾਂ ਤਕ ਚਲੇ ਜਾਂਦਾ ਹੈ। ਚੀਨ ਦੀਆਂ ਕਰਤੂਤਾਂ ਨੂੰ ਦੇਖ ਕੇ ਭਾਰਤੀ ਫ਼ੌਜ ਨੇ ਦੋ ਮਹੀਨੇ ਪਹਿਲਾਂ ਫ਼ੌਜ ਦੀ ਤਾਇਨਾਤੀ ਲਈ ਟੈਂਟ, ਗਰਮ ਕੱਪੜੇ ਤੇ ਜੁੱਤੀਆਂ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਹੀ ਤਿਆਰ ਕੀਤੇ ਗਏ ਟੈਂਟ ਤੇ ਢਾਂਚਿਆਂ ਵਿਚ ਜਵਾਨ ਸਿਫ਼ਰ ਤੋਂ 50 ਡਿਗਰੀ ਹੇਠਾਂ ਤਾਪਮਾਨ ਵਿਚ ਵੀ ਆਸਾਨੀ ਨਾਲ ਰਹਿ ਸਕਦੇ ਹਨ।

ਨਦੀਆਂ ਤੇ ਪਹਾੜਾਂ ਨੂੰ ਪਾਰ ਕਰਨ ਲਈ ਟੈਂਕ ਹਨ ਤਿਆਰ

ਫ਼ੌਜ ਦੀ ਫਾਇਰ ਐਂਡ ਫਿਊਰੀ ਕੋਰ (14 ਕੋਰ) ਨੂੰ ਬਰਫ਼ੀਲੇ ਰੇਗਿਸਤਾਨ ਵਿਚ ਸਰਦੀਆਂ ਦੇ ਸਖ਼ਤ ਤੇਵਰਾਂ ਦਰਮਿਆਨ ਕੰਮ ਕਰਨ ਵਿਚ ਮੁਹਾਰਤ ਹਾਸਲ ਹੈ। ਇਸ ਮੌਸਮ ਵਿਚ ਟੈਂਕਾਂ, ਜੰਗੀ ਵਾਹਨਾਂ ਤੇ ਵੱਡੀਆਂ ਤੋਪਾਂ ਦੀ ਸਾਂਭ-ਸੰਭਾਲ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਮੇਜਰ ਜਨਰਲ ਅਰਵਿੰਦ ਕਪੂਰ ਨੇ ਦੱਸਿਆ ਕਿ ਫ਼ੌਜ ਦੀ ਟੈਂਕ ਰੈਜੀਮੈਂਟ ਵਿਚ ਪੂਰੀ ਸਮਰੱਥਾ ਹੈ ਕਿ ਨਦੀਆਂ ਨੂੰ ਪਾਰ ਕਰਨ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਅੜਚਣ ਨੂੰ ਦੂਰ ਕਰ ਸਕਦੀ ਹੈ। ਪੂਰਬੀ ਲੱਦਾਖ ਵਿਚ ਸਿੰਧੂ ਨਦੀ ਵਹਿੰਦੀ ਹੈ ਅਤੇ ਟੈਂਕ ਰੈਜੀਮੈਂਟ ਨੇ ਨਦੀ ਨੂੰ ਪਾਰ ਕਰਨ ਸਮੇਤ ਹਰ ਤਰ੍ਹਾਂ ਦੀ ਸਿਖਲਾਈ ਲਈ ਹੋਈ ਹੈ।

ਮਿੰਟਾਂ 'ਚ ਪੁੱਜ ਜਾਣਗੇ ਐੱਲਏਸੀ 'ਤੇ

ਜੰਗ ਦੀ ਸੂਰਤ ਵਿਚ ਭਾਰਤੀ ਫ਼ੌਜ ਕੁਝ ਹੀ ਮਿੰਟਾਂ ਵਿਚ ਐੱਲਏਸੀ 'ਤੇ ਪੁੱਜਣ 'ਚ ਸਮਰੱਥ ਹੈ। ਜਦੋਂ 29 ਤੇ 30 ਅਗਸਤ ਤੋਂ ਬਾਅਦ ਚੀਨ ਨੇ ਆਪਣੇ ਟੈਂਕਾਂ ਨੂੰ ਸਰਗਰਮ ਕੀਤਾ ਸੀ ਤਾਂ ਉਸ ਵੇਲੇ ਪੈਂਗੋਂਗ ਝੀਲ ਦੇ ਦੱਖਣੀ ਕੰਢੇ 'ਤੇ ਉੱਚਾਈ ਵਾਲੇ ਇਲਾਕਿਆਂ ਵਿਚ ਪਕੜ ਨੂੰ ਮਜ਼ਬੂਤ ਕਰ ਲਿਆ ਸੀ। ਮੇਜਰ ਜਨਰਲ ਕਪੂਰ ਦਾ ਕਹਿਣਾ ਹੈ ਕਿ ਫ਼ੌਜ ਰਣਨੀਤਕ ਤਰੀਕੇ ਨਾਲ ਵੀ ਪੂਰੀ ਤਿਆਰੀ ਕਰ ਚੁੱਕੀ ਹੈ। ਇੱਥੇ ਸਰਦੀਆਂ ਵਿਚ ਵੀ ਅਭਿਆਸ ਚੱਲਦਾ ਰਹਿੰਦਾ ਹੈ।

ਅਸੀਂ ਹਰ ਚੁਣੌਤੀ ਲਈ ਤਿਆਰ ਹਾਂ

ਮੇਜਰ ਜਨਰਲ ਕਪੂਰ ਨੇ ਕਿਹਾ ਕਿ 15 ਹਜ਼ਾਰ ਫੁੱਟ ਦੀ ਉੱਚਾਈ 'ਤੇ ਮੌਸਮ ਦੇ ਸਖ਼ਤ ਤੇਵਰਾਂ ਦੇ ਮੱਦੇਨਜ਼ਰ ਸਾਡੇ ਕੋਲ ਲੋੜੀਂਦੀਆਂ ਵਸਤਾਂ ਦਾ ਪੂਰਾ ਭੰਡਾਰ ਮੌਜੂਦ ਹੈ। ਉੱਚ ਸਮਰੱਥਾ ਦੇ ਪੋਸ਼ਣ ਵਾਲਾ ਰਾਸ਼ਨ, ਤੇਲ, ਸਰਦੀਆਂ ਲਈ ਵਿਸ਼ੇਸ਼ ਕੱਪੜੇ, ਜੁੱਤੀਆਂ, ਟੈਂਟ ਤੇ ਉਨ੍ਹਾਂ ਨੂੰ ਅੰਦਰੋਂ ਗਰਮ ਰੱਖਣ ਵਾਲੇ ਉਪਕਰਨ ਉਪਲਬਧ ਹਨ। ਦੱਸ ਦੇਈਏ ਕਿ ਚੀਨ ਨੇ ਵੱਡੇ ਹਥਿਆਰਾਂ ਨਾਲ 50 ਹਜ਼ਾਰ ਸੈਨਿਕਾਂ ਨੂੰ ਤਾਇਨਾਤ ਕੀਤਾ ਹੈ।

-----------------------------------