ਨਵੀਂ ਦਿੱਲੀ (ਏਐੱਨਆਈ) : ਭਾਰਤੀ ਹਵਾਈ ਫ਼ੌਜ ਦੀ ਮਾਰੂ ਸਮਰੱਥਾ ਹੋਰ ਮਜ਼ਬੂਤ ਹੋਣ ਜਾ ਰਹੀ ਹੈ। ਇਕ ਮਹੀਨੇ ਦੇ ਅੰਦਰ ਹਵਾਈ ਫ਼ੌਜ ਦੇ ਬੇੜੇ ’ਚ 10 ਹੋਰ ਰਾਫੇਲ ਲੜਾਕੂ ਜਹਾਜ਼ ਸ਼ਾਮਲ ਹੋ ਜਾਣਗੇ। ਇਸ ਨਾਲ ਰਾਫੇਲ ਜਹਾਜ਼ਾਂ ਦੇ ਦੂਸਰੇ ਸਕਵਾਡ੍ਰਨ (ਦਸਤੇ) ਦੇ ਗਠਨ ਦਾ ਰਸਤਾ ਵੀ ਸਾਫ਼ ਹੋ ਜਾਵੇਗਾ। ਨਵੇਂ ਜਹਾਜ਼ਾਂ ਦੇ ਆਉਣ ਨਾਲ ਹਵਾਈ ਫ਼ੌਜ ’ਚ ਰਾਫੇਲ ਦੀ ਗਿਣਤੀ 21 ਹੋ ਜਾਵੇਗੀ। ਇਸ ਤੋਂ ਪਹਿਲਾਂ ਹਵਾਈ ਫ਼ੌਜ ਦੇ ਅੰਬਾਲਾ ਬੇਸ ’ਚ 17 ਸਕਵਾਡ੍ਰਨ ’ਚ 11 ਲੜਾਕੂ ਜਹਾਜ਼ ਸ਼ਾਮਲ ਹੋ ਚੁੱਕੇ ਹਨ। ਸਰਕਾਰ ਨਾਲ ਜੁੜੇ ਸੀਨੀਅਰ ਸੂਤਰਾਂ ਨੇ ਏਐੱਨਆਈ ਨੂੰ ਦੱਸਿਆ ਕਿ ਤਿੰਨ ਰਾਫੇਲ ਲੜਾਕੂ ਜਹਾਜ਼ ਦੋ ਤੋਂ ਤਿੰਨ ਦਿਨਾਂ ’ਚ ਫਰਾਂਸ ਤੋਂ ਸਿੱਧੇ ਉਡਾਣ ਭਰ ਕੇ ਭਾਰਤ ਪਹੁੰਚਣਗੇ, ਜਿਨ੍ਹਾਂ ਨੂੰ ਅਸਮਾਨ ’ਚ ਹੀ ਹਵਾਈ ਫ਼ੌਜ ਵੱਲੋਂ ਈਂਧਣ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਅਗਲੇ ਮਹੀਨੇ ਦੇ ਦੂਸਰੇ ਪੰਦਰਵਾੜੇ ’ਚ ਸੱਤ ਤੋਂ ਅੱਠ ਲੜਾਕੂ ਜਹਾਜ਼ ਤੇ ਉਨ੍ਹਾਂ ਦੇ ਟ੍ਰੇਨਰ ਵਰਜਨ ਮਿਲਣਗੇ। ਇਸ ਦੇ ਨਾਲ ਹੀ ਸਾਡੀ ਮਾਰੂ ਸਮਰੱਥਾ ਹੋਰ ਵੱਧ ਜਾਵੇਗੀ।

ਸੂਤਰਾਂ ਨੇ ਦੱਸਿਆ ਕਿ ਫਰਾਂਸ ਤੋਂ ਇਹ ਸਾਰੇ ਜਹਾਜ਼ ਅੰਬਾਲਾ ਏਅਰ ਬੇਸ ’ਤੇ ਪਹੁੰਚਣਗੇ। ਉੱਥੋਂ ਇਨ੍ਹਾਂ ’ਚੋਂ ਕੁਝ ਨੂੰ ਹਾਸ਼ੀਮਾਰਾ ਭੇਜਿਆ ਜਾਵੇਗਾ, ਜਿੱਥੇ ਰਾਫੇਲ ਲੜਾਕੂ ਜਹਾਜ਼ਾਂ ਦੇ ਦੂਸਰੇ ਸਕਵਾਡ੍ਰਨ ਦਾ ਦੇ ਗਠਨ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤਾ ਚੁੱਕੀ ਹੈ। ਦੱਸਣਯੋਗ ਹੈ ਕਿ ਇਕ ਸਕਵਾਡ੍ਰਨ ’ਚ 15 ਤੋਂ 18 ਜਹਾਜ਼ ਹੁੰਦੇ ਹਨ। ਹਾਸ਼ੀਮਾਰਾ ਹਵਾਈ ਫ਼ੌਜ ਸਟੇਸ਼ਨ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ’ਚ ਭਾਰਤ-ਭੂਟਾਨ ਸਰਹੱਦ ਨੇੜੇ ਹੈੈ। ਭਾਰਤ ਨੇ 2016 ’ਚ ਫਰਾਂਸ ਦੇ ਦਾਸੋ ਐਵੀਏਸ਼ਨ ਨਾਲ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਦਾ ਸੌਦਾ ਕੀਤਾ ਸੀ। ਇਸ ਸਾਲ ਅਪ੍ਰੈਲ ਦੇ ਅਖੀਰ ਤਕ ਇਨ੍ਹਾਂ ’ਚੋਂ 50 ਫ਼ੀਸਦੀ ਜਹਾਜ਼ ਭਾਰਤ ਆ ਜਾਣਗੇ।

Posted By: Rajnish Kaur