ਸੰਵਾਦ ਸਹਿਯੋਗੀ, ਸ਼ਾਹਾਬਾਦ (ਕੁਰੂਕਸ਼ੇਤਰ) : ਕੁਰੂਕਸ਼ੇਤਰ ਦੇ ਸ਼ਾਹਾਬਾਦ ’ਚ ਜੀਟੀ ਰੋਡ ਸਥਿਤ ਮਿਰਚੀ ਹੋਟਲ ਨੇਡ਼ੇ ਜੰਗਲ ’ਚ ਦਰੱਖ਼ਤ ਹੇਠਾਂ ਆਈਈਡੀ (ਇੰਪ੍ਰੋਵਾਈਜ਼ ਐਕਸਪਲੋਸਿਵ ਡਿਵਾਈਸ) ਟਾਈਮਰ ਬੰਬ ਰੱਖਣ ਦੇ ਮੁਲਜ਼ਮ ਅੱਤਵਾਦੀ ਪੰਜਾਬ ਦੇ ਤਰਨਤਾਰਨ ਵਾਸੀ ਸ਼ਮਸ਼ੇਰ ਤੇ ਉਸ ਦੇ ਸਾਥੀਆਂ ਦੇ ਤਾਰ ਪਾਕਿਸਤਾਨ ਨਾਲ ਜੁਡ਼ੇ ਹਨ।

ਐੱਸਟੀਐੱਫ ਨੇ ਪੰਜਾਬ ਪੁਲਿਸ ਨਾਲ ਸਾਂਝਾ ਆਪਰੇਸ਼ਨ ਚਲਾ ਕੇ ਅਗਲੇ ਹੀ ਦਿਨ ਸ਼ੁੱਕਰਵਾਰ ਨੂੰ ਅੱਤਵਾਦੀ ਸ਼ਮਸ਼ੇਰ ਦੇ ਦੋ ਸਾਥੀਆਂ ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠਢਕਡ਼ ਵਾਸੀ ਰੋਬਿਨ ਤੇ ਪਿੰਡ ਕੰਬੋ ਦਾਈਵਾਲਾ ਵਾਸੀ ਬਲਜੀਤ ਉਰਫ ਮਿੱਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਅੱਤਵਾਦੀ ਸ਼ਮਸ਼ੇਰ ਨੂੰ ਸ਼ਾਹਾਬਾਦ ਅਦਾਲਤ ’ਚ ਐੱਸਡੀਜੇਐੱਮ ਰਵੀਸ਼ ਕੌਸ਼ਿਕ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 10 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਪੁਲਿਸ ਇਸ ਦੌਰਾਨ ਉਸ ਦੇ ਬਾਕੀ ਸਾਥੀਆਂ ਤੇ ਆਈਈਡੀ ਦੇ ਮਾਮਲੇ ਦੀ ਪੁੱਛਗਿੱਛ ਕਰ ਰਹੀ ਹੈ।

ਐੱਸਟੀਐੱਫ ਨੇ ਅੱਤਵਾਦੀ ਸ਼ਮਸ਼ੇਰ ਤੋਂ ਪੁੱਛਗਿੱਛ ਦੇ ਆਧਾਰ ’ਤੇ ਪੰਜਾਬ ਪੁਲਿਸ ਨਾਲ ਮਿਲ ਕੇ ਕਾਰਵਾਈ ਕੀਤੀ। ਪੁਲਿਸ ਟੀਮ ਨੇ ਦੂਜੇ ਮੁਲਜ਼ਮ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠਢਕਡ਼ ਵਾਸੀ ਰੋਬਿਨ ਨੂੰ ਗ੍ਰਿਫ਼ਤਾਰ ਕੀਤਾ। ਉਹ ਅੱਤਵਾਦੀ ਸ਼ਮਸ਼ੇਰ ਦਾ ਸਾਥੀ ਸੀ ਜਿਸ ਨੇ ਜੂਨ ਮਹੀਨੇ ’ਚ ਆਪਣੇ ਸਾਥੀਆਂ ਨਾਲ ਮਿਲ ਕੇ ਆਈਈਜੀ ਟਾਈਮਰ ਬੰਬ ਸ਼ਾਹਾਬਾਦ ’ਚ ਮਿਰਚੀ ਹੋਟਲ ਨੇਡ਼ੇ ਜੰਗਲ ’ਚ ਰੱਖਿਆ ਸੀ। ਦੂਜੇ ਮਾਮਲੇ ’ਚ ਐੱਸਟੀਐੱਫ ਨੇ ਪੰਜਾਬ ਪੁਲਿਸ ਨਾਲ ਸਾਂਝੀ ਕਾਰਵਾਈ ਕਰਦਿਆਂ ਤਰਨਤਾਰਨ ਦੇ ਪਿੰਡ ਕੰਬੋ ਦਾਈਵਾਲਾ ਵਾਸੀ ਬਲਜੀਤ ਉਰਫ ਮਿੱਕਾ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੇ ਕਬਜ਼ੇ ਤੋਂ ਡੇਢ ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਉਸ ਖ਼ਿਲਾਫ਼ ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਹੈ।

ਇੱਧਰ, ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਸਖ਼ਤ ਘੇਰਾਬੰਦੀ ਦਰਮਿਆਨ ਅੱਤਵਾਦੀ ਸ਼ਮਸ਼ੇਰ ਉਰਫ ਸ਼ੇਰਾ ਨੂੰ ਸ਼ੁੱਕਰਵਾਰ ਦੁਪਹਿਰ ਬਾਅਦ ਕਮਿਊਨਿਟੀ ਹੈਲਥ ਸੈਂਟਰ ਲੈ ਕੇ ਪੁੱਜੀ ਜਿੱਥੋਂ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਦੁਪਹਿਰ ਬਾਅਦ ਤਿੰਨ ਵਜੇ ਅਦਾਲਤ ’ਚ ਪੇਸ਼ ਕੀਤਾ ਗਿਆ। ਕਰੀਬ 15 ਮਿੰਟਾਂ ਦੀ ਪੇਸ਼ੀ ਤੋਂ ਬਾਅਦ ਮੁਲਜ਼ਮ ਨੂੰ 10 ਦਿਨਾਂ ਦੀ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਡੀਐੱਸਪੀ ਰਣਧੀਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਅੱਤਵਾਦੀ ਦੇ ਕਈ ਮਾਮਲਿਆਂ ਦੇ ਪਰਦਾਫਾਸ਼ ਹੋਣ ਦੀ ਉਮੀਦ ਹੈ। ਰਿਮਾਂਡ ਦੌਰਾਨ ਉਸ ਦੇ ਸਾਥੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Posted By: Tejinder Thind