ਜੇਐੱਨਐੱਨ, ਜੰਮੂ : ਜੰਮੂ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ੁਫ਼ੀਆ ਸੂਚਨਾ ਪਿੱਛੋਂ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਦੇ ਕਈ ਕੈਂਪ ਹੋਣ ਕਾਰਨ ਰਾਸ਼ਟਰੀ ਰਾਜ ਮਾਰਗ 'ਤੇ ਥਾਂ-ਥਾਂ ਨਾਕੇ ਲਗਾ ਦਿੱਤੇ ਗਏ ਹਨ। ਵਾਹਨਾਂ ਖ਼ਾਸ ਕਰ ਕੇ ਟਰੱਕਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਰਾਜ ਮਾਰਗ ਦੀ ਸੁਰੱਖਿਆ ਦਾ ਜ਼ਿੰਮਾ ਜੰਮੂ-ਕਸ਼ਮੀਰ ਪੁਲਿਸ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਫ਼ੌਜ ਦੇ ਜਵਾਨਾਂ ਕੋਲ ਹੈ। ਸਾਂਬਾ ਦੇ ਮਾਨਸਰ ਅਤੇ ਜੰਮੂ ਦੇ ਪੁਰਮੰਡਲ ਵਿਚ ਫ਼ੌਜੀ ਛਾਉਣੀ ਨਾਲ ਜਵਾਨਾਂ ਦੇ ਰਿਹਾਇਸ਼ੀ ਕੁਆਰਟਰ ਬਣੇ ਹੋਏ ਹਨ ਜਿੱਥੇ ਪਹਿਲੇ ਵੀ ਅੱਤਵਾਦੀ ਹਮਲਾ ਕਰ ਚੁੱਕੇ ਹਨ। ਇਨ੍ਹਾਂ ਤੋਂ ਸਬਕ ਲੈਂਦੇ ਹੋਏ ਜਵਾਨਾਂ ਦੇ ਸਾਰੇ ਕੈਂਪਾਂ ਵਿਚ ਨਿਗਰਾਨੀ ਕੇਂਦਰ ਵਧਾ ਦਿੱਤੇ ਗਏ ਹਨ। ਬਿਨਾਂ ਪਛਾਣ ਪੱਤਰ ਦੀ ਜਾਂਚ ਕੀਤੇ ਕਿਸੇ ਨੂੰ ਵੀ ਕੈਂਪ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਦਰਅਸਲ, ਜੰਮੂ-ਪਠਾਨਕੋਟ ਰਾਜ ਮਾਰਗ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਬਹੁਤ ਨੇੜੇ ਹੈ। ਸਰਹੱਦ 'ਤੇ ਕਈ ਅਜਿਹੇ ਬਰਸਾਤੀ ਨਾਲੇ ਹਨ ਜਿਨ੍ਹਾਂ 'ਤੇ ਤਾਰਬੰਦੀ ਸੰਭਵ ਨਹੀਂ ਹੈ। ਇਸ ਦਾ ਲਾਭ ਚੱੁਕ ਕੇ ਅੱਤਵਾਦੀ ਰਾਤ ਨੂੰ ਘੁਸਪੈਠ ਕਰ ਕੇ ਭਾਰਤੀ ਸਰਹੱਦ ਵਿਚ ਦਾਖ਼ਲ ਹੋ ਜਾਂਦੇ ਹਨ ਅਤੇ ਸਵੇਰੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੰਦੇ ਹਨ।

ਨਗਰੋਟਾ ਅਤੇ ਝੱਜਰ ਕੋਟਲੀ 'ਚ ਵਿਸ਼ੇਸ਼ ਨਾਕੇ ਲਗਾਏ

31 ਜਨਵਰੀ ਨੂੰ ਨਗਰੋਟਾ ਦੇ ਬਨ ਟੋਲ ਪਲਾਜ਼ਾ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਪਿੱਛੋਂ ਹੀ ਜੰਮੂ ਦੇ ਨਗਰੋਟਾ ਅਤੇ ਝੱਜਰ ਕੋਟਲੀ ਵਿਚ ਪੁਲਿਸ ਨੇ ਨਾਕਿਆਂ ਨੂੰ ਮਜ਼ਬੂਤ ਕਰ ਦਿੱਤਾ ਹੈ। ਹਾਈਵੇ ਨੇੜੇ ਸ਼ੱਕੀ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਪਿੱਛੋਂ ਜਵਾਨਾਂ ਨੇ ਉੱਥੇ ਅਚਾਨਕ ਨਾਕੇ ਲਗਾਏ ਅਤੇ ਵਾਹਨਾਂ ਦੀ ਜਾਂਚ ਕੀਤੀ। ਪੁਲਿਸ ਦੇ ਸੀਨੀਅਰ ਅਧਿਕਾਰੀ ਖ਼ੁਦ ਨਾਕਿਆਂ 'ਤੇ ਮੌਜੂਦ ਰਹੇ।

ਕੋੋਟ

ਅੱਤਵਾਦੀਆਂ ਦੀ ਮੌਜੂਦਗੀ ਦੀ ਕੋਈ ਸਹੀ ਜਾਣਕਾਰੀ ਨਹੀਂ ਹੈ। ਹਾਲਾਂਕਿ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਸੁਰੱਖਿਆ ਬਲ ਪੂਰੀ ਤਰ੍ਹਾਂ ਤਿਆਰ ਹਨ।

-ਵਿਵੇਕ ਗੁਪਤਾ, ਡੀਆਈਜੀ ਜੰਮੂ-ਸਾਂਬਾ-ਕਠੂਆ ਰੇਂਜ