ਨਵੀਂ ਦਿੱਲੀ, ਏਜੰਸੀ : ਇਕ ਸਾਲ ਪਹਿਲਾਂ ਧਾਰਾ 370 ਮਨਸੂਖ਼ ਕੀਤੇ ਜਾਣ ਤੋਂ ਬਾਅਦ ਅੱਤਵਾਦੀ ਹਮਲਿਆਂ ਤੇ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਨ ਦੌਰਾਨ ਕਰੀਬ 71 ਨਾਗਰਿਕਾਂ ਦੀ ਜਾਨ ਗਈ ਤੇ 74 ਫ਼ੌਜੀ ਜਵਾਨ ਸ਼ਹੀਦ ਹੋਏ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਅਗਸਤ, 2019 ਨੂੰ ਧਾਰਾ 370 ਮਨਸੂਖ਼ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ 'ਚ ਕਮੀ ਆਈ ਹੈ।

ਜੰਮੂ-ਕਸ਼ਮੀਰ 'ਚ 5 ਅਗਸਤ, 2019 ਤੋਂ 10 ਸਤੰਬਰ, 2020 ਤਕ ਅੱਤਵਾਦੀ ਘਟਨਾਵਾਂ 'ਚ 45 ਨਾਗਰਿਕਾਂ ਦੀ ਜਾਨ ਗਈ ਤੇ 49 ਜਵਾਨ ਸ਼ਹੀਦ ਹੋਏ। ਇਸੇ ਦੌਰਾਨ ਪਾਕਿਸਤਾਨੀ ਫ਼ੌਜੀਆਂ ਵੱਲੋਂ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਦੌਰਾਨ 26 ਨਾਗਰਿਕ ਮਾਰੇ ਗਏ ਤੇ 25 ਜਵਾਨ ਸ਼ਹੀਦ ਹੋਏ।

ਉਨ੍ਹਾਂ ਦੱਸਿਆ ਕਿ ਨਕਸਲੀ ਹਿੰਸਾ 'ਚ ਕਮੀ ਆਈ ਹੈ। ਨਕਸਲੀ ਹਿੰਸਾ ਨਾਲ ਜੁੜੀਆਂ ਵਾਰਦਾਤਾਂ 'ਚ ਸੁਰੱਖਿਆ ਜਵਾਨਾਂ ਤੇ ਨਾਗਰਿਕਾਂ ਦੀ ਮੌਤਾਂ ਦੀ ਗਿਣਤੀ ਵੀ ਘਟੀ ਹੈ। 2010 'ਚ ਇਸ ਤਰ੍ਹਾਂ ਦੀ ਹਿੰਸਾ 'ਚ 1005 ਮੌਤਾਂ ਹੋਈਆਂ ਸਨ ਜਦਕਿ 2019 'ਚ 202 ਮੌਤਾਂ ਹੋਈਆਂ। 2019 ਦੇ ਪਹਿਲੇ ਅੱਠ ਮਹੀਨਿਆਂ 'ਚ 137 ਮੌਤਾਂ ਦੀ ਤੁਲਨਾ 'ਚ 2020 'ਚ 15 ਅਗਸਤ ਤਕ 102 ਮੌਤਾਂ ਹੋਈਆਂ।

ਇਕ ਸਵਾਲ ਦੇ ਜਵਾਬ 'ਚ ਰੈੱਡੀ ਨੇ ਦੱਸਿਆ ਕਿ ਦੇਸ਼ ਭਰ 'ਚ ਅੱਤਵਾਦ ਵਿਰੋਧੀ ਕਾਨੂੰਨ (ਯੂਏਪੀਏ) ਤਹਿਤ 2016, 2017 ਤੇ 2018 'ਚ ਕੁੱਲ 3005 ਮਾਮਲੇ ਦਰਜ ਕੀਤੇ ਗਏ ਤੇ 3974 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ 2017 ਤੇ 2018 ਦੌਰਾਨ ਪੁਲਿਸ ਨੇ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ 1198 ਲੋਕਾਂ ਨੂੰ ਹਿਰਾਸਤ 'ਚ ਲਿਆ, ਜਿਨ੍ਹਾਂ 'ਚੋਂ 563 ਹਾਲੇ ਵੀ ਹਿਰਾਸਤ 'ਚ ਹਨ। ਸਭ ਤੋਂ ਜ਼ਿਆਦਾ ਲੋਕ ਮੱਧ ਪ੍ਰਦੇਸ਼ 'ਚ ਇਸ ਕਾਨੂੰਨ ਤਹਿਤ ਹਿਰਾਸਤ 'ਚ ਲਏ ਗਏ ਤੇ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਨੰਬਰ ਹੈ।