ਜੇਐੱਨਐੱਨ, ਕੋਲਕਾਤਾ : ਬੰਗਾਲ 'ਚ ਉੱਤਰ 24 ਪਰਗਨਾ ਜ਼ਿਲ੍ਹੇ ਦੇ ਨੈਹਾਟੀ ਵਿਚ ਵੀਰਵਾਰ ਨੂੰ ਇਕ ਵਾਰ ਫਿਰ ਭਿਆਨਕ ਧਮਾਕਾ ਹੋਇਆ ਹੈ। ਪੁਲਿਸ ਗ਼ੈਰ ਕਾਨੂੰਨੀ ਪਟਾਕਾ ਕਾਰਖਾਨਿਆਂ ਤੋਂ ਜ਼ਬਤ ਬਾਰੂਦ ਅਤੇ ਪਟਾਕਿਆਂ ਨੂੰ ਬਿਨਾਂ ਕਿਸੇ ਮਾਹਿਰ ਦੀ ਮਦਦ ਦੇ ਨਸ਼ਟ ਕਰਨ ਪੁੱਜੀ ਸੀ, ਉਦੋਂ ਇਹ ਹਾਦਸਾ ਹੋਇਆ।

ਜ਼ਿਕਰਯੋਗ ਹੈ ਕਿ ਬੀਤੀ 3 ਜਨਵਰੀ ਨੂੰ ਨੈਹਾਟੀ ਦੇ ਮਾਮੂਦਪੁਰ ਪੰਚਾਇਤ ਖੇਤਰ ਸਥਿਤ ਗ਼ੈਰ ਕਾਨੂੰਨੀ ਪਟਾਕਾ ਕਾਰਖਾਨੇ ਵਿਚ ਭਿਆਨਕ ਧਮਾਕਾ ਹੋਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਬੈਰਕਪੁਰ ਦੇ ਪੁਲਿਸ ਕਮਿਸ਼ਨਰ ਮਨੋਜ ਕੁਮਾਰ ਵਰਮਾ ਦੇ ਨਿਰਦੇਸ਼ਾਂ 'ਤੇ 100 ਤੋਂ ਜ਼ਿਆਦਾ ਗ਼ੈਰ ਕਾਨੂੰਨੀ ਪਟਾਕਾ ਕਾਰਖਾਨਿਆਂ ਵਿਚ ਛਾਪੇਮਾਰੀ ਮੁਹਿੰਮ ਚਲਾ ਕੇ ਪੁਲਿਸ ਨੇ ਭਾਰੀ ਮਾਤਰਾ ਵਿਚ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਸੀ। ਇਸੇ ਨੂੰ ਹੀ ਨਸ਼ਟ ਕਰਨ ਪੁਲਿਸ ਨਦੀ ਕਿਨਾਰੇ ਪੁੱਜੀ ਸੀ। ਧਮਾਕੇ ਦੀ ਤੀਬਰਤਾ ਏਨੀ ਜ਼ਿਆਦਾ ਸੀ ਕਿ ਕਈ ਕਿਲੋਮੀਟਰ ਦੂਰ ਹੁਗਲੀ ਜ਼ਿਲ੍ਹੇ ਦੇ ਚੁੰਚੁੜਾ ਨਗਰਪਾਲਿਕਾ ਦੇ 12 ਅਤੇ 13 ਨੰਬਰ ਵਾਰਡ ਤਕ ਝਟਕੇ ਮਹਿਸੂਸ ਕੀਤੇ ਗਏ। ਕਈ ਘਰਾਂ ਵਿਚ ਦਰਾਰਾਂ ਪੈ ਗਈਆਂ ਅਤੇ ਖਿੜਕੀਆਂ ਦੇ ਕੱਚ ਟੁੱਟ ਗਏ। ਇਹੀ ਨਹੀਂ, ਧਮਾਕੇ ਦੀ ਜੱਦ ਵਿਚ ਆਉਣ ਨਾਲ ਪੁਲਿਸ ਦੀਆਂ ਦੋ ਗੱਡੀਆਂ ਵਿਚ ਵੀ ਅੱਗ ਲੱਗ ਗਈ। ਇਸ ਤੋਂ ਬਾਅਦ ਧਮਾਕਾਖੇਜ਼ ਸਮੱਗਰੀ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਨੂੰ ਬਿਨਾਂ ਦੇਰੀ ਰੋਕਣ ਦੇ ਨਿਰਦੇਸ਼ ਦਿੱਤੇ ਗਏ।

ਮੌਕੇ 'ਤੇ ਪੁੱਜੇ ਪੁਲਿਸ ਕਮਿਸ਼ਨਰ ਦਾ ਘਿਰਾਓ

ਨੈਹਾਟੀ ਵਿਚ ਪਟਾਕਾ ਨਸ਼ਟ ਕਰਨ ਦੌਰਾਨ ਹੋਏ ਧਮਾਕੇ ਵਿਚ ਨੁਕਸਾਨੇ ਗਏ ਇਲਾਕਿਆਂ ਦਾ ਨਿਰੀਖਣ ਕਰਨ ਪੁੱਜੇ ਚੰਦਨਨਗਰ ਦੇ ਪੁਲਿਸ ਕਮਿਸ਼ਨਰ ਹੁਮਾਯੂੰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਪੁਲਿਸ ਦੀ ਕਾਰਜਸ਼ੈਲੀ 'ਤੇ ਵੀ ਉਂਗਲ ਉਠਾਈ ਅਤੇ ਵੱਡਾ ਨੁਕਸਾਨ ਹੋਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਵਿਰੋਧ ਦਰਜ ਕਰਵਾਇਆ। ਹਾਲਾਂਕਿ, ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ ਅਤੇ ਨੁਕਸਾਨੇ ਗਏ ਮਕਾਨਾਂ ਦੇ ਮਾਲਕਾਂ ਨੂੰ ਤਸਵੀਰਾਂ ਖਿੱਚਣ ਦੀ ਅਪੀਲ ਕੀਤੀ ਤਾਂ ਕਿ ਉਨ੍ਹਾਂ ਨੂੰ ਸਰਕਾਰੀ ਮਦਦ ਮੁਹੱਈਆ ਕਰਵਾਈ ਜਾ ਸਕੇ।