ਨਵੀਂ ਦਿੱਲੀ (ਏਜੰਸੀਆਂ) : ਤਾਮਿਲਨਾਡੂ ਸਰਕਾਰ ਨੇ ਸ਼ਨਿਚਰਵਾਰ ਨੂੰ ਮਦਰਾਸ ਹਾਈ ਕੋਰਟ ਨੇ ਆਦੇਸ਼ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਦਾ ਰੁਖ਼ ਕੀਤਾ, ਜਿਸ 'ਚ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ। ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ।

ਉਸ ਨੇ ਕਿਹਾ ਸੀ ਕਿ ਦੁਕਾਨਾਂ 'ਤੇ ਭਾਰੀ ਭੀੜ ਸੀ ਤੇ ਗਾਹਕਾਂ ਵਲੋਂ ਸਰੀਰਕ ਦੂਰੀ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਕਮਲ ਹਸਨ ਦੀ ਅਗਵਾਈ ਵਾਲੀ ਮਕੱਲ ਨੀਡੀ ਮਾਈਮ (ਐੱਮਐੱਨਐੱਮ) ਤੇ ਵਕੀਲ ਜੀ ਰਾਜੇਸ਼ ਵੱਲੋਂ ਦਾਇਰ ਪਟੀਸ਼ਨਾਂ 'ਤੇ ਹਾਈ ਕੋਰਟ ਨੇ ਇਹ ਆਦੇਸ਼ ਪਾਸ ਕੀਤਾ ਸੀ। ਹਾਲਾਂਕਿ, ਅਦਾਲਤ ਨੇ ਆਨਲਾਈਨ ਮਾਧਿਅਮ ਰਾਹੀਂ ਸ਼ਰਾਬ ਦੀ ਵਿਕਰੀ ਦੀ ਆਗਿਆ ਦਿੱਤੀ ਹੈ।

ਸੁਪਰੀਮ ਕੋਰਟ ਨੇ ਵੀ ਸ਼ਰਾਬ ਦੀਆਂ ਦੁਕਾਨਾਂ 'ਤੇ ਭੀੜ ਦਾ ਨੋਟਿਸ ਲਿਆ ਸੀ ਤੇ ਸ਼ੁੱਕਰਵਾਰ ਨੂੰ ਸੂਬਿਆਂ ਨੂੰ ਕਿਹਾ ਸੀ ਕਿ ਉਹ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਲਾਕਡਾਊਨ ਮਿਆਦ ਦੌਰਾਨ ਸ਼ਰਾਬ ਦੀਆਂ ਆਨਲਾਈਨ ਵਿਕਰੀ ਤੇ ਹੋਮ ਡਿਲਵਰੀ 'ਤੇ ਵਿਚਾਰ ਕਰਨ।

ਹਾਈ ਕੋਰਟ ਦੇ ਆਦੇਸ਼ ਖ਼ਿਲਾਫ਼ ਤਾਮਿਲਨਾਡੂ ਸੂਬਾ ਮਾਰਕੀਟਿੰਗ ਨਿਗਮ ਵੱਲੋਂ ਅਪੀਲ ਦਾਇਰ ਕੀਤੀ ਗਈ ਸੀ, ਜੋ ਇਕ ਸਰਕਾਰੀ ਫਰਮ ਹੈ ਤੇ ਸੂਬੇ 'ਚ ਸ਼ਰਾਬ ਵੇਚਦੀ ਹੈ। ਇਸ ਨੇ ਰੇਹੜੇ 'ਤੇ ਸ਼ਰਾਬ ਵੇਚਣ ਦੀ ਆਗਿਆ ਮੰਗੀ ਹੈ। ਤਾਮਿਲਨਾਡੂ ਨੇ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਮਾਪਦੰਡਾਂ ਤੋਂ ਛੋਟ ਦਾ ਹਵਾਲਾ ਦਿੰਦਿਆਂ ਰਿਟੇਲ ਸ਼ਰਾਬ ਆਊਟਲੈੱਟ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ। ਸੂਬੇ ਦੇ ਸਰਹੱਦੀ ਜ਼ਿਲਿ੍ਹਆਂ ਦੇ ਸ਼ਰਾਬੀ ਗੁਆਂਢੀ ਸੂਬੇ ਆਂਧਰ ਪ੍ਰਦੇਸ਼ ਤੇ ਕਰਨਾਟਕ ਵੀ ਜਾ ਰਹੇ ਹਨ, ਜਿਥੇ ਸ਼ਰਾਬ ਦੀ ਵਿਕਰੀ ਚਾਰ ਮਈ ਤੋਂ ਹੋ ਰਹੀ ਹੈ।

ਚਾਹ ਦੀਆਂ ਦੁਕਾਨਾਂ, ਨਿੱਜੀ ਅਦਾਰਿਆਂ ਨੂੰ ਕੱਲ੍ਹ ਤੋਂ ਖੋਲ੍ਹਣ ਦੀ ਇਜਾਜ਼ਤ

ਤਾਮਿਲਨਾਡੂ ਸਰਕਾਰ ਨੇ ਸ਼ਨਿਚਰਵਾਰ ਨੂੰ ਕੁਝ ਸ਼ਰਤਾਂ ਨਾਲ ਸੋਮਵਾਰ ਤੋਂ ਚਾਹ ਦੀਆਂ ਦੁਕਾਨਾਂ ਨੂੰ ਫਿਰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਦੁਕਾਨਾਂ ਤੇ ਹੋਰ ਨਿੱਜੀ ਅਦਾਰਿਆਂ ਨੂੰ ਵੀ ਕੁਝ ਢਿੱਲ ਦਿੱਤੀ ਜਾ ਰਹੀ ਹੈ। ਸਰਕਾਰ ਨੇ ਕਿਹਾ ਕਿ ਚਾਹ ਸਿਰਫ ਵੇਚੀ ਜਾ ਸਕੇਗੀ।

ਸਟਾਲ ਦੇ ਬਾਹਰ ਜਾਂ ਅੰਦਰ ਕਿਸੇ ਨੂੰ ਵੀ ਚਾਹ ਪੀਣ ਦੀ ਆਗਿਆ ਨਹੀਂ ਹੋਵੇਗੀ। ਚਾਹ ਸਟਾਲਾਂ ਨੂੰ ਦਿਨ 'ਚ ਪੰਜ ਵਾਰ ਸੈਨੇਟਾਈਜ਼ ਕਰਨਾ ਪਵੇਗਾ ਤੇ ਸਵੇਰੇ ਛੇ ਵਜੇ ਤੋਂ ਸ਼ਾਮ ਸੱਤ ਵਜੇ ਵਿਚਾਲੇ ਕੰਮ ਕਰਨਾ ਪਵੇਗਾ। ਸਰਕਾਰ ਨੇ ਸਾਰੇ ਨਿੱਜੀ ਅਦਾਰਿਆਂ ਨੂੰ ਵੀ ਕੁਝ ਸ਼ਰਤਾਂ ਤਹਿਤ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ।