ਨਵੀਂ ਦਿੱਲੀ (ਏਜੰਸੀਆਂ) : ਅਹੁਦਾ ਛੱਡ ਰਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਰਮਨੀ ਦੀ ਪਦਮਸ਼੍ਰੀ ਪੁਰਸਕਾਰ ਪ੍ਰਾਪਤ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਦੇ ਮਾਮਲੇ ਵਿਚ ਰਿਪੋਰਟ ਤਲਬ ਕੀਤੀ ਹੈ। ਦੱਸਣਯੋਗ ਹੈ ਕਿ ਜਰਮਨ ਨਾਗਰਿਕ ਨੇ ਇਸ ਮੁੱਦੇ 'ਤੇ ਪੁਰਸਕਾਰ ਮੋੜਨ ਦੀ ਚਿਤਾਵਨੀ ਦਿੱਤੀ ਹੈ।

ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਜਰਮਨ ਨਾਗਰਿਕ ਫਰੈਡਰਿਕ ਇਰੀਨਾ ਬਰੂਨਿੰਗ (61) ਨੂੰ ਗਊ ਰੱਖਿਆ ਲਈ ਇਸ ਸਾਲ ਪਦਮਸ਼੍ਰੀ ਪੁਰਸਕਾਰ ਦਿੱਤਾ ਗਿਆ ਸੀ। ਭਾਰਤ ਵਿਚ ਜ਼ਿਆਦਾ ਸਮਾਂ ਰੁਕਣ ਲਈ ਉਨ੍ਹਾਂ ਦੇ ਵੀਜ਼ੇ 'ਚ ਵਾਧੇ ਲਈ ਅਰਜ਼ੀ ਨੂੰ ਵਿਦੇਸ਼ ਮੰਤਰਾਲੇ ਵੱਲੋਂ ਮੋੜੇ ਜਾਣ ਪਿੱਛੋਂ ਉਨ੍ਹਾਂ ਨੇ ਪੁਰਸਕਾਰ ਮੋੜਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦੀ ਵੀਜ਼ੇ ਦੀ ਮਿਆਦ 26 ਜੂਨ ਨੂੰ ਖ਼ਤਮ ਹੋ ਰਹੀ ਹੈ। ਸੁਦੇਵੀ ਮਾਤਾਜੀ ਦੇ ਰੂਪ ਵਿਚ ਮਸ਼ਹੂਰ ਬਰੂਨਿੰਗ ਪਿਛਲੇ ਦੋ ਦਹਾਕਿਆਂ ਤੋਂ ਮਥੁਰਾ ਵਿਚ ਬਿਮਾਰ ਅਤੇ ਛੱਡੀਆਂ ਗਈਆਂ ਗਊਆਂ ਦੀ ਦੇਖਭਾਲ ਕਰ ਰਹੀ ਹੈ। ਮੀਡੀਆ ਰਿਪੋਰਟ 'ਤੇ ਸੁਸ਼ਮਾ ਨੇ ਟਵੀਟ ਕੀਤਾ ਕਿ ਮੇਰੇ ਨੋਟਿਸ ਵਿਚ ਇਸ ਨੂੰ ਲਿਆਏ ਜਾਣ ਲਈ ਧੰਨਵਾਦ। ਮੈਂ ਰਿਪੋਰਟ ਮੰਗੀ ਹੈ। ਸਵਰਾਜ ਨੇ ਇਕ ਹੋਰ ਟਵੀਟ 'ਚ ਇਕ ਹੋਰ ਔਰਤ ਨੂੰ ਮਦਦ ਦਾ ਭਰੋਸਾ ਦਿੱਤਾ ਜਿਨ੍ਹਾਂ ਨੇ ਸਪੇਨ ਦੇ ਬਾਰਸੀਲੋਨਾ 'ਚ ਆਪਣੇ ਪਤੀ ਅਤੇ ਪੁੱਤਰ ਦਾ ਪਾਸਪੋਰਟ ਲੁੱਟੇ ਜਾਣ ਪਿੱਛੋਂ ਮਦਦ ਲਈ ਬੇਨਤੀ ਕੀਤੀ ਸੀ।