ਆਈਜਲ (ਏਜੰਸੀ) : ਤਿੰਨ ਦਿਨ ਪਹਿਲਾ ਮਨੁੱਖੀ ਸਮੱਗਲਿੰਗ ਗਿਰੋਹ ਦੇ ਚੁੰਗਲ 'ਚੋਂ ਛੁਡਾਏ ਗਏ 12 ਸ਼ੱਕੀ ਰੋਹਿੰਗਿਆ ਸ਼ਰਨਾਰਥੀਆਂ ਨੂੰ ਸਰਕਾਰੀ ਆਸਰਾ ਘਰ ਭੇਜ ਦਿੱਤਾ ਗਿਆ ਹੈ। ਅੱਠ ਔਰਤਾਂ ਤੇ ਚਾਰ ਕਿਸ਼ੋਰਾਂ ਨੇ ਇਸ ਸਮੂਹ ਨੂੰ ਐਤਵਾਰ ਨੂੰ ਇਕ ਮਹਿਲਾ ਦੇ ਘਰੋਂ ਫੜਿਆ ਗਿਆ ਸੀ। ਇਨ੍ਹਾਂ 'ਤੇ ਜਾਇਜ਼ ਦਸਤਾਵੇਜ਼ ਦੇ ਬਿਨਾਂ ਭਾਰਤ 'ਚ ਰਹਿਣ ਦਾ ਦੋਸ਼ ਹੈ।

ਮਹਿਲਾ ਨੇ ਦੱਸਿਆ ਸੀ ਕਿ ਮਿਆਂਮਾਰ 'ਚ ਰਹਿਣ ਵਾਲੇ ਇਕ ਰਿਸ਼ਤੇਦਾਰ ਨੇ ਇਨ੍ਹਾਂ ਲੋਕਾਂ ਨੂੰ ਕੁਝ ਦਿਨ ਸ਼ਰਨ ਦੇਣ ਲਈ ਕਿਹਾ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਇਹ ਪੰਜਵਾਂ ਮੌਕਾ ਹੈ ਜਦੋਂ ਸ਼ਰਨਾਰਥੀਆਂ ਨੂੰ ਮਿਆਂਮਾਰ ਭੇਜਣ ਤੋਂ ਪਹਿਲਾਂ ਉਸ ਨੇ ਆਪਣੇ ਇੱਥੇ ਰੋਕਿਆ ਸੀ।

ਡਿਪਟੀ ਡੀਜੀਪੀ (ਉੱਤਰੀ ਰੇਂਜ) ਲਾਲਬਿੱਕਾਥਾਂਗਾ ਖਿਆਂਗਤੇ ਨੇ ਦੱਸਿਆ ਕਿ ਕਿਸ਼ੋਰਾਂ ਨੂੰ ਅਨਾਥ ਆਸ਼ਰਮ, ਜਦਕਿ ਔਰਤਾਂ ਨੂੰ ਆਸਰਾ ਘਰ ਭੇਜਿਆ ਗਿਆ ਹੈ। ਦੋਵਾਂ ਦਾ ਸੰਚਾਲਨ ਸੂਬਾ ਕਲਿਆਣ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਸਾਰਿਆਂ ਨੂੰ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਤੋਂ ਲਿਆਇਆ ਗਿਆ ਹੈ ਤੇ ਆਸਾਮ ਦੀ ਸਰਹੱਦ ਰਾਹੀਂ ਇਨ੍ਹਾਂ ਨੂੰ ਮਿਜ਼ੋਰਮ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜਿਸ ਭਾਸ਼ਾ 'ਚ ਉਹ ਸਾਰੇ ਗੱਲ ਕਰ ਰਹੇ ਹਨ ਉਹ ਸਾਨੂੰ ਸਮਝ ਸਕਣ 'ਚ ਅਸਮਰਥ ਹਨ।