ਜੇਐੱਨਐੱਨ, ਨੈਨੀਤਾਲ : ਸਾਲ 2021 ਦੇ ਆਖ਼ਰੀ ਸੂਰਜ ਗ੍ਰਹਿਣ ਦੇ ਪਰਛਾਵੇਂ ਤੋਂ ਭਲੇ ਹੀ ਉੱਤਰੀ ਗੋਲਾਰਦ ਵਾਂਝਾ ਰਿਹਾ ਹੋਵੇ, ਪਰ ਸੂਰਜ ਦੇ ਬਾਹਰੀ ਵਾਤਾਵਰਨ (ਕੋਰੋਨਾ) ’ਤੇ ਖੋਜ ਕਰ ਰਹੇ ਦੁਨੀਆ ਭਰ ਦੇ ਵਿਗਿਆਨੀਆਂ ਲਈ ਇਹ ਪਲ ਖ਼ਾਸ ਰਿਹਾ। ਕਰੀਬ 4.08 ਘੰਟੇ ਦੇ ਪੂਰਨ ਗ੍ਰਹਿਣ ਨੂੰ ਅੰਟਾਰਕਟਿਕਾ ਤੋਂ ਦੇਖਿਆ ਜਾ ਸਕਿਆ। ਹੁਣ ਅਗਲਾ ਸੂਰਜ ਗ੍ਰਹਿਣ ਅਪ੍ਰੈਲ ’ਚ ਲੱਗੇਗਾ।

ਆਰੀਆਭੱਟ ਲਾਂਚਿੰਗ ਵਿਗਿਆਨ ਖੋਜ ਸੰਸਥਾਨ (ਏਰੀਜ਼) ਦੇ ਸੀਨੀਅਰ ਸੌਰ ਵਿਗਿਆਨੀ ਤੇ ਸਾਬਕਾ ਡਾਇਰੈਕਟਰ ਡਾ. ਵਹਾਬਉਦੀਨ ਨੇ ਦੱਸਿਆ ਕਿ ਖੋਜ ਦੇ ਲਿਹਾਜ਼ ਨਾਲ ਪੂਰਨ ਸੂਰਜ ਗ੍ਰਹਿਣ ਵਿਗਿਆਨੀਆਂ ਲਈ ਅਹਿਮ ਮੰਨਿਆ ਜਾਂਦਾ ਹੈ। ਇਸ ਦੌਰਾਨ ਸੂਰਜ ਦੇ ਕੋਰੋਨਾ ਨੂੰ ਦੇਖਣ ਦਾ ਮੌਕਾ ਮਿਲਦਾ ਹੈ, ਜਿਸ ਦਾ ਤਾਪ ਸੂਰਜ ਦੀ ਸਤ੍ਹਾ ਤੋਂ ਕਈ ਗੁਣਾ ਜ਼ਿਆਦਾ ਹੁੰਦਾ ਹੈ। ਕੋਰੋਨਾ ਤਾਪ ਦੀ ਇਹ ਗੁੱਥੀ ਹੈਰਤ ਵਿਚ ਪਾਉਂਦੀ ਹੈ। ਇਸ ਬਾਰੇ ਵਿਚ ਖੋਜ ਲਈ ਵਿਗਿਆਨੀਆਂ ਨੂੰ ਪੂਰਨ ਸੂਰਜ ਗ੍ਰਹਿਣ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਹੀ ਕਾਰਨ ਹੈ ਕਿ ਭਾਰਤ ਦੇ ਵੀ ਕਈ ਵਿਗਿਆਨੀ ਅੰਟਾਰਕਟਿਕਾ ਖੇਤਰ ਵਿਚ ਪਹੁੰਚੇ ਸਨ।

ਭਾਰਤ ਸਮੇਂ ਮੁਤਾਬਕ, ਸਵੇਰੇ 10.59 ਵਜੇ ਸੂਰਜ ਗ੍ਰਹਿਣ ਦੇ ਪ੍ਰਭਾਵ ਵਿਚ ਆਉਣਾ ਸ਼ੁਰੂ ਹੋਇਆ। 1.03 ਵਜੇ ਸੂਰਜ ਪੂਰੀ ਤਰ੍ਹਾਂ ਗ੍ਰਹਿਣ ਦੀ ਲਪੇਟ ਵਿਚ ਰਿਹਾ। ਸ਼ਾਮ 3.07 ਵਜੇ ਸੂਰਜ ਗ੍ਰਹਿਣ ਦੇ ਪਰਛਾਵੇਂ ਤੋਂ ਮੁਕਤ ਹੋ ਗਿਆ। ਇਹ ਗ੍ਰਹਿਣ 4.08 ਘੰਟੇ ਦਾ ਰਿਹਾ, ਜਿਸ ਨੂੰ ਦੱਖਣੀ ਅਮਰੀਕਾ, ਦੱਖਣੀ ਅਫਰੀਕਾ, ਅੰਟਾਰਕਟਿਕਾ ਤੇ ਆਸਟ੍ਰੇਲੀਆ ਤੋਂ ਦੇਖਿਆ ਜਾ ਸਕਿਆ। ਡਾ. ਵਹਾਬਉਦੀਨ ਨੇ ਦੱਸਿਆ ਕਿ ਅਗਲੇ ਸਾਲ ਚਾਰ ਗ੍ਰਹਿਣ ਲੱਗਣਗੇ, ਜਿਨ੍ਹਾਂ ਵਿਚ ਪਹਿਲਾ 30 ਅਪ੍ਰੈਲ ਨੂੰ ਅੰਸ਼ਿਕ ਸੂਰਜ ਗ੍ਰਹਿਣ ਹੋਵੇਗਾ। ਇਸ ਤੋਂ ਬਾਅਦ 15 ਮਈ ਨੂੰ ਪੂਰਨ ਗ੍ਰਹਿਣ ਲੱਗੇਗਾ। 25 ਅਕਤੂਬਰ ਨੂੰ ਦੂਜਾ ਅੰਸ਼ਿਕ ਗ੍ਰਹਿਣ ਲੱਗੇਗਾ। ਇਸ ਤੋਂ ਬਾਅਦ ਆਖ਼ਰੀ ਗ੍ਰਹਿਣ 7 ਨਵੰਬਰ ਨੂੰ ਲੱਗੇਗਾ।

Posted By: Jatinder Singh