ਭਾਰਤੀ ਹਵਾਈ ਫ਼ੌਜ ਨੇ ਜੈਸ਼ ਦੇ ਅੱਤਵਾਦੀ ਕੈਂਪਾਂ 'ਤੇ ਏਅਰ ਸਟ੍ਰਾਈਕ ਕਰ ਕੇ ਆਪਣੀ ਤਾਕਤ ਦਿਖਾ ਦਿੱਤੀ ਅਤੇ ਪੁਲਵਾਮਾ ਅੱਤਵਾਦੀ ਹਮਲੇ ਦੇ 12ਵੇਂ ਦਿਨ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਕਾਰਵਾਈ ਤੋਂ ਬਾਅਦ ਅਰੁਣ ਜੇਤਲੀ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਏਬਟਾਬਾਦ ਵਿਚ ਵੜ ਕੇ ਜੇਕਰ ਅਮਰੀਕਾ ਓਸਾਮਾ ਬਿਨ ਲਾਦੇਨ ਨੂੰ ਮਾਰ ਸਕਦਾ ਹੈ ਤਾਂ ਕੁਝ ਵੀ ਸੰਭਵ ਹੈ। ਜੇਤਲੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਦੇਸ਼ ਸਾਡੇ ਨਾਲ ਖੜ੍ਹਾ ਹੈ ਉਸ ਤੋਂ ਲੱਗਦਾ ਹੈ ਕਿ ਅਜਿਹੇ ਸਮੇਂ ਸਭ ਕੁਝ ਮੁਮਕਿਨ ਹੈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਦੇ ਮੱਦੇਨਜ਼ਰ ਦਿੱਲੀ ਵਿਚ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਬੈਠਕ ਜਾਰੀ ਹੈ। ਪੀਐੱਮ ਮੋਦੀ ਦੇ ਘਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਗ੍ਰਹਿ ਮੰਤਰੀ, ਰੱਖਿਆ ਮੰਤਰੀ, ਵਿਦੇਸ਼ ਸਕੱਤਰ, ਰੱਖਿਆ ਸਕੱਤਰ ਅਤੇ ਖ਼ੁਫੀਆ ਵਿਭਾਗਾਂ ਦੇ ਮੁਖੀਆਂ ਦੀ ਬੈਠਕ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਸੁਰੱਖਿਆ ਦੇ ਲਿਹਾਜ਼ ਤੋਂ ਭਾਰਤ ਅਤੇ ਪਾਕਿਸਤਾਨ ਦੀ ਹੱਦ ਨਾਲ ਜੁੜੇ ਹਵਾਈ ਅੱਡੇ ਅਤੇ ਏਅਰ ਸਪੇਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਜੰਮੂ, ਸ੍ਰੀਨਗਰ, ਲੇਹ ਅਤੇ ਚੰਡੀਗੜ੍ਹ ਏਅਰ ਸਪੇਸ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪਾਕਿਸਤਾਨ ਨੇ ਵੀ ਸਰਹੱਦ ਨਾਲ ਲੱਗਦੇ ਹਵਾਈ ਅੱਡਿਆਂ ਤੋਂ ਜਹਾਜ਼ ਦੀ ਆਵਾਜਾਈ ਬੰਦ ਕਰ ਦਿੱਤੀ ਹੈ।

Posted By: Seema Anand