ਜਾਗਰਣ ਬਿਊਰੋ, ਨਵੀਂ ਦਿੱਲੀ : ਦੇਸ਼ ਦੀ ਸਰਵਉੱਚ ਅਦਾਲਤ ਛੇਤੀ ਹੀ ਵੱਡਾ ਬਦਲਾਅ ਕਰਨ ਦੀ ਤਿਆਰੀ ਵਿਚ ਹੈ। ਕੁਝ ਦਿਨਾਂ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਤੇ ਪੰਜ ਖੇਤਰੀ ਭਾਸ਼ਾਵਾਂ ਵਿਚ ਵੀ ਉਪਲਬਧ ਕਰਵਾਏ ਜਾਣਗੇ। ਹਾਲੇ ਫ਼ੈਸਲੇ ਸਿਰਫ਼ ਅੰਗਰੇਜ਼ੀ ਵਿਚ ਹੀ ਉਪਲਬਧ ਹੁੰਦੇ ਹਨ, ਜਿਸ ਨਾਲ ਅੰਗਰੇਜ਼ੀ ਨਾਲ ਸਮਝਣ ਵਾਲੇ ਮੁਵੱਕਿਲਾਂ ਲਈ ਆਪਣੇ ਮੁਕੱਦਮੇ ਦਾ ਫ਼ੈਸਲਾ ਸਮਝਣਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਨੂੰ ਇਸ ਲਈ ਵਕੀਲਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਫ਼ੈਸਲੇ ਹੋਰਨਾਂ ਭਾਸ਼ਾਵਾਂ 'ਚ ਉਪਲਬਧ ਕਰਵਾਉਣ ਦੇ ਪ੍ਰਾਜੈਕਟ 'ਤੇ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

ਅੰਗਰੇਜ਼ੀ ਤੋਂ ਇਲਾਵਾ ਜਿਨ੍ਹਾਂ ਛੇ ਭਾਸ਼ਾਵਾਂ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਉਪਲਬਧ ਹੋਣਗੇ, ਉਨ੍ਹਾਂ 'ਚ ਹਿੰਦੀ, ਤੇਲਗੂ, ਅਸਮੀਆ, ਕੰਨੜ, ਮਰਾਠੀ ਅਤੇ ਉੜੀਆ ਸ਼ਾਮਲ ਹਨ। ਅਨੁਮਾਨ ਹੈ ਕਿ ਅੰਗਰੇਜ਼ੀ ਦਾ ਫ਼ੈਸਲਾ ਆਉਣ ਤੋਂ ਬਾਅਦ ਹਿੰਦੀ ਤੇ ਹੋਰਨਾਂ ਭਾਸ਼ਾਵਾਂ ਵਿਚ ਉਹੀ ਫ਼ੈਸਲਾ ਉਪਲਬਧ ਹੋਣ ਵਿਚ ਕਰੀਬ ਇਕ ਹਫ਼ਤੇ ਦਾ ਸਮਾਂ ਲੱਗੇਗਾ।

ਸਾਰੇ ਫ਼ੈਸਲੇ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ। ਵੈਸੇ ਹਿੰਦੀ ਤੇ ਹੋਰ ਸੂਬਾਈ ਭਾਸ਼ਾਵਾਂ ਵਿਚ ਫ਼ੈਸਲੇ ਉਪਲਬਧ ਕਰਵਾਉਣਾ ਸਿਰਫ਼ ਇਨ੍ਹਾਂ ਛੇ ਭਾਸ਼ਾਵਾਂ ਤਕ ਸੀਮਤ ਨਹੀਂ ਹੈ। ਹੌਲੀ-ਹੌਲੀ ਹੋਰਨਾਂ ਖੇਤਰੀ ਭਾਸ਼ਾਵਾਂ ਵਿਚ ਵੀ ਫ਼ੈਸਲੇ ਦੀ ਕਾਪੀ ਉਪਲਬਧ ਕਰਵਾਉਣ ਦੀ ਕੋਸ਼ਿਸ਼ ਹੋਵੇਗੀ। ਫਿਲਹਾਲ ਪਹਿਲੇ ਪੜਾਅ ਵਿਚ ਛੇ ਭਾਸ਼ਾਵਾਂ ਨੂੰ ਰੱਖਿਆ ਗਿਆ ਹੈ।