ਏਐੱਨਆਈ, ਨਵੀਂ ਦਿੱਲੀ : ਕਰਨਾਟਕ ਨੂੰ 1200 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਦੇ ਹਾਈਕੋਰਟ ਦੇ ਆਦੇਸ਼ ’ਚ ਦਖ਼ਲ ਦੇਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ। ਉਥੇ ਹੀ ਕੋਰਟ ਨੇ ਦਿੱਲੀ ਨੂੰ ਹਰੇਕ ਦਿਨ 700 ਮੀਟਿ੍ਰਕ ਟਨ ਆਕਸੀਜਨ ਦੇਣ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਕੇਂਦਰ ਅਜਿਹੇ ਹਾਲਾਤ ਨਾ ਪੈਦਾ ਕਰੇ ਕਿ ਸਾਨੂੰ ਸਖ਼ਤ ਰੁਖ਼ ਅਪਣਾਉਣਾ ਪਵੇ। ਸੁਪਰੀਮ ਕੋਰਟ ’ਚ ਸ਼ੁੱਕਰਵਾਰ ਨੂੰ ਆਕਸੀਜਨ ਸਪਲਾਈ ਮਾਮਲੇ ’ਚ ਕੇਂਦਰ ਦੁਆਰਾ ਦਰਜ ਪਟੀਸ਼ਨ ’ਤੇ ਸੁਣਵਾਈ ਕੀਤੀ ਗਈ। ਦਰਅਸਲ, ਆਪਣੀ ਪਟੀਸ਼ਨ ’ਚ ਕੇਂਦਰ ਨੇ ਕਰਨਾਟਕ ਨੂੰ 1200 ਮੀਟਿ੍ਰਕ ਟਨ ਆਕਸੀਜਨ ਦੇਣ ਦੇ ਹਾਈਕੋਰਟ ਦੇ ਆਦੇਸ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ।

ਕਰਨਾਟਕ ਮਾਮਲਾ

ਕੋਰਟ ਨੇ ਕਰਨਾਟਕ ਹਾਈ ਕੋਰਟ ਦੇ ਆਦੇਸ਼ ’ਚ ਦਖ਼ਲ ਦੇਣ ਤੋਂ ਇਨਕਾਰ ਕਰਦੇ ਹੋਏ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਕੇਂਦਰ ਨੇ ਸੂਬੇ ਨੂੰ ਅਲਾਟ ਕੀਤੇ ਗਏ 965 ਮੀਟ੍ਰਿਕ ਟਨ ਲਿਕੁਅਡ ਮੈਡੀਕਲ ਆਕਸੀਜਨ ਨੂੰ ਵਧਾ ਕੇ 1200 ਮੀਟਿ੍ਰਕ ਟਨ ਕਰਨ ਨੂੰ ਕਿਹਾ। ਕਰਨਾਟਕ ਮਾਮਲੇ ’ਚ ਕੋਰਟ ਨੇ ਕਿਹਾ ਕਿ ਹਾਈਕੋਰਟ ਨੇ ਕਾਰਨ ਦੱਸਦੇ ਹੋਏ ਆਦੇਸ਼ ਦਿੱਤਾ ਹੈ। ਸੂਬੇ ਦੁਆਰਾ 1700 ਮੀਟਿ੍ਰਕ ਟਨ ਆਕਸੀਜਨ ਮੰਗੇ ਜਾਣ ਦੀ ਬੇਨਤੀ ਨੂੰ ਨਾ ਮੰਨਦੇ ਹੋਏ ਕੇਂਦਰ ਨੂੰ ਇਹ ਆਦੇਸ਼ ਦਿੱਤਾ ਗਿਆ ਸੀ। ਕੋਰਟ ਨੇ ਕਿਹਾ ਕਿ ਕੇਂਦਰ ਸੂਬਾ ਸਰਕਾਰ ਨਾਲ ਗੱਲ ਕਰਕੇ ਮਾਮਲੇ ਦਾ ਹੱਲ ਕੱਢੇ। ਇਸਤੋਂ ਪਹਿਲਾਂ ਵੀਰਵਾਰ ਨੂੰ ਸਾਲਿਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਰਨਾਟਕ ਹਾਈਕੋਰਟ ਦਾ ਆਦੇਸ਼ ਸੁਪਰੀਮ ਕੋਰਟ ਦੇ ਸਾਹਮਣੇ ਰੱਖਦੇ ਹੋਏ ਸੁਪਰੀਮ ਕੋਰਟ ਨੂੰ ਇਸ ’ਚ ਦਖ਼ਲ ਦੇਣ ਦੀ ਗੱਲ ਕਹੀ ਸੀ।

ਦਿੱਲੀ ਨੂੰ ਹਰ ਦਿਨ ਮਿਲੇ 700 MT ਆਕਸੀਜਨ

ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਕਰ ਰਹੀ ਜਸਟਿਸ ਡੀਵਾਈ ਚੰਦਰਚੂੜ ਅਤੇ ਐੱਮਆਰ ਸ਼ਾਹ ਦੇ ਬੈਂਚ ਨੇ ਅੱਗੇ ਦੇ ਆਦੇਸ਼ ਤਕ ਦਿੱਲੀ ਨੂੰ 700 ਮੀਟਿ੍ਰਕ ਟਨ ਆਕਸੀਜਨ ਹਰ ਦਿਨ ਦੇਣ ਦਾ ਆਦੇਸ਼ ਦਿੱਤਾ ਹੈ। ਦਿੱਲੀ ਵੱਲੋਂ ਸੀਨੀਅਰ ਐਡਵੋਕੇਟ ਰਾਹੁਲ ਮਹਿਰਾ ਨੇ ਕੋਰਟ ’ਚ ਦਿੱਲੀ ਨੂੰ ਸਪਲਾਈ ਕੀਤੇ ਜਾਣ ਵਾਲੀ ਆਕਸੀਜਨ ਬਾਰੇ ਜਾਣਕਾਰੀ ਦਿੱਤੀ।

Posted By: Ramanjit Kaur