ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵਿਆਹ ਨੂੰ ਲੈ ਕੇ ਝੂਠਾ ਵਾਅਦਾ ਕਰਨ ਵਾਲਿਆਂ ਨੂੰ ਲੈ ਕੇ ਇਕ ਵੱਡਾ ਫ਼ੈਸਲਾ ਸੁਣਾਇਆ ਹੈ। ਕੋਰਟ ਨੇ ਅਹਿਮ ਟਿੱਪਣੀ ਕਰਦੇ ਹੋਏ ਕਿਹਾ ਕਿ ਕਿਸੇ ਨਾਲ ਝੂਠੇ ਵਿਆਹ ਦਾ ਵਾਅਦਾ ਕਰਨਾ ਗ਼ਲਤ ਹੈ। ਫਿਰ ਭਾਵੇਂ ਉਹ ਮਰਦ ਹੋਵੇ ਜਾਂ ਔਰਤ। ਇਥੋਂ ਤਕ ਕਿ ਔਰਤ ਨੂੰ ਵੀ ਝੂਠਾ ਵਾਅਦਾ ਨਹੀਂ ਕਰਨਾ ਚਾਹੀਦਾ। ਕੋਰਟ ਨੇ ਇਕ ਮਾਮਲੇ ਵਿਚ ਵਿਆਹ ਦਾ ਝੂਠਾ ਵਾਅਦਾ ਕਰ ਕੇ ਜਬਰ ਜਨਾਹ ਦੇ ਦੋਸ਼ ਵਿਚ ਚੱਲ ਰਹੀ ਸੁਣਵਾਈ ਦੌਰਾਨ ਇਹ ਫ਼ੈਸਲਾ ਸੁਣਾਇਆ।

ਔਰਤ ਨੇ ਦੋਸ਼ ਲਗਾਇਆ ਕਿ ਦੋਸ਼ੀ ਵਿਨੇ ਪ੍ਰਤਾਪ ਸਿੰਘ ਨੇ ਧੋਖੇ ਨਾਲ ਉਸਦੀ ਸਹਿਮਤੀ ਲਈ ਤੇ ਮਨਾਲੀ ਦੇ ਇਕ ਮੰਦਿਰ ਵਿਚ ਵਿਆਹ ਕਰ ਕੇ ਉਸਦੀ ਵਰਤੋਂ ਕੀਤੀ। ਲੜਕੀ ਨੇ ਕੋਰਟ ਨੂੰ ਕਿਹਾ ਕਿ ਉਸਦਾ ਜਬਰ ਜਨਾਹ ਹੋਇਆ ਹੈ। ਜਦਕਿ ਪਟੀਸ਼ਨਕਰਤਾ ਮੁਤਾਬਕ ਉਸ ਨੇ ਕੁੜੀ ਤੋਂ ਸਹਿਮਤੀ ਲੈ ਕੇ ਅਜਿਹਾ ਕੀਤਾ ਸੀ। ਪਟੀਸ਼ਨਕਰਤਾ ਦੀ ਵਕੀਲ ਨੇ ਇਸਦੇ ਨਾਲ ਹੀ ਇਹ ਵੀ ਕਿਹਾ ਕਿ ਦੋਵਾਂ ਦਰਮਿਆਨ ਵਿਆਹ ਨਹੀਂ ਹੋਇਆ ਹੈ। ਉਹ ਬਸ ਨਾਲ ਰਹਿ ਰਹੇ ਸਨ।

ਦੋਸ਼ੀ ਦੇ ਵਕੀਲ ਦਾ ਕਹਿਣਾ ਹੈ ਕਿ ਔਰਤ ਨੇ ਰਿਸ਼ਤਿਆਂ ਵਿਚ ਖਟਾਸ ਆਉਣ ਤੋਂ ਬਾਅਦ ਐੱਫਆਈਆਰ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਉਸ ਨੇ ਇਨ੍ਹਾਂ ਸਾਰੀਆਂ ਗੱਲਾਂ ਦਾ ਕਦੀ ਜ਼ਿਕਰ ਨਹੀਂ ਕੀਤਾ। ਜਦੋਂ ਇਨ੍ਹਾਂ ਦੋਵਾਂ ਦੇ ਰਿਸ਼ਤਿਆਂ ਵਿਚ ਦਰਾਰ ਆਉਣ ਲੱਗੀ ਤਾਂ ਔਰਤ ਨੇ ਇਸ ਤਰ੍ਹਾਂ ਦਾ ਦੋਸ਼ ਲਗਾਇਆ।

Posted By: Susheel Khanna