ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਅੰਗਰੇਜ਼ੀ ਨਾਂ ਇੰਡੀਆ ਨੂੰ ਭਾਰਤ ਵਿਚ ਬਦਲਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਕਿਹਾ,'ਸੰਵਿਧਾਨ ਵਿਚ ਪਹਿਲਾ ਹੀ ਇੰਡੀਆ ਨੂੰ ਭਾਰਤ ਕਿਹਾ ਗਿਆ ਹੈ। ਹਾਲਾਂਕਿ ਪਟੀਸ਼ਨ ਕਰਤਾ ਦੀ ਅਪੀਲ 'ਤੇ ਕੋਰਟ ਨੇ ਕਿਹਾ ਕਿ ਸਰਕਾਰ ਪਟੀਸ਼ਨ 'ਤੇ ਵਿਚਾਰ ਕਰੇਗੀ।' ਇਸ ਪਟੀਸ਼ਨ ਵਿਚ ਸੰਵਿਧਾਨ ਵਿਚ ਦੇਸ਼ ਦਾ ਨਾਂ ਇੰਡੀਆ ਨੂੰ ਭਾਰਤ ਕਰਨ ਦੀ ਮੰਗ ਹੈ ਅਤੇ ਕੋਰਟ ਤੋਂ ਇਸ ਬਾਰੇ ਕੇਂਦਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਇਸ ਮਾਮਲੇ ਦੀ ਕੋਰਟ ਵਿਚ ਸੁਣਵਾਈ ਹੋਣੀ ਸੀ ਜੋ ਚੀਫ਼ ਜਸਟਿਸ ਐੱਸਏ ਬੋਬਡੇ ਦੀ ਗੈਰਹਾਜ਼ਰੀ ਕਾਰਨ ਨਹੀਂ ਹੋ ਸਕੀ।

ਇੰਡੀਆ ਨਾਂ ਗੁਲਾਮੀ ਦਾ ਪ੍ਰਤੀਕ

ਇਹ ਪਟੀਸ਼ਨ ਨਮਹ ਨਾਮੀ ਦਿੱਲੀ ਨੇ ਕਿਸਾਨ ਵੱਲੋਂ ਕੋਰਟ ਵਿਚ ਪਾਈ ਗਈ ਹੈ ਤੇ ਸੰਵਿਧਾਨ ਦੇ ਆਰਟੀਕਲ 1 ਵਿਚ ਬਦਲਾਅ ਦੀ ਮੰਗ ਕੀਤੀ ਗਈ ਹੈ। ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਐੱਸਏ ਬੋਬਡੇ ਦੀ ਬੈਂਚ ਕਰੇਗੀ। ਪਟੀਸ਼ਨ ਦਾਇਰ ਕਰਨ ਵਾਲੇ ਨਮਹ ਦਾ ਕਹਿਣਾ ਹੈ ਕਿ ਇੰਡੀਆ ਨੂੰ ਹਟਾ ਕੇ ਭਾਰਤ ਨਾਂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇੰਡੀਆ ਨਾਂ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ। ਦੇਸ਼ ਦਾ ਨਾਂ ਅੰਗਰੇਜ਼ੀ ਵਿਚ ਵੀ ਭਾਰਤ ਕਰਨ ਨਾਲ ਲੋਕਾਂ ਵਿਚ ਰਾਸ਼ਟਰੀ ਭਾਵਨਾ ਵਧੇਗੀ ਅਤੇ ਦੇਸ਼ ਨੂੰ ਵੱਖਰੀ ਪਛਾਣ ਮਿਲੇਗੀ।

Posted By: Tejinder Thind